ਫਗਵਾੜਾ ''ਚ ਖਾਕੀ ਦੇ ਨਾਂ ''ਤੇ ਦਹਿਸ਼ਤ, ਹਰਿਆਣਾ ਪੁਲਸ ਬਣ ਕੇ ਆਏ ਅਣਪਛਾਤਿਆਂ ਨੇ ਪਤੀ-ਪਤਨੀ ਨੂੰ ਕੀਤਾ ਅਗਵਾ

Thursday, Aug 13, 2026 - 08:03 AM (IST)

ਫਗਵਾੜਾ ''ਚ ਖਾਕੀ ਦੇ ਨਾਂ ''ਤੇ ਦਹਿਸ਼ਤ, ਹਰਿਆਣਾ ਪੁਲਸ ਬਣ ਕੇ ਆਏ ਅਣਪਛਾਤਿਆਂ ਨੇ ਪਤੀ-ਪਤਨੀ ਨੂੰ ਕੀਤਾ ਅਗਵਾ

ਫਗਵਾੜਾ (ਜਲੋਟਾ) : ਉਦਯੋਗਿਕ ਨਗਰ ਫਗਵਾੜਾ ਦੇ ਘਣੀ ਆਬਾਦੀ ਵਾਲੇ ਮੁੱਹਲਾ ਸ਼ਿਵਪੁਰੀ ਇਲਾਕੇ ’ਚ ਬੀਤੀ ਦੇਰ ਰਾਤ ਉਸ ਸਮੇਂ ਭਾਰੀ ਹੜਕੰਪ ਅਤੇ ਖੌਫ਼ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਸਾਧਾਰਨ ਕੱਪੜਿਆਂ ’ਚ ਆਏ ਅੱਧਾ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਨੇ ਖੁਦ ਨੂੰ ਕਥਿਤ ਤੌਰ ’ਤੇ ਹਰਿਆਣਾ ਪੁਲਸ ਦੇ ਕਰਮਚਾਰੀ ਦੱਸ ਕੇ ਇਕ ਮਕਾਨ ’ਤੇ ਧਾਵਾ ਬੋਲ ਦਿੱਤਾ। ਦੇਰ ਰਾਤ ਕਰੀਬ 2 ਤੋਂ 2:30 ਵਜੇ ਦੇ ਵਿਚਕਾਰ ਹੋਈ ਇਸ ਵਾਰਦਾਤ ਦੌਰਾਨ ਮੁਲਜ਼ਮਾਂ ਨੇ ਮਕਾਨ ਦੇ ਮੁੱਖ ਦਰਵਾਜ਼ਿਆਂ ਦੀ ਭੰਨਤੋੜ ਕੀਤੀ ਅਤੇ ਘਰ ’ਚ ਸੁੱਤੇ ਪਏ ਪਤੀ-ਪਤਨੀ ਨੂੰ ਜ਼ਬਰਦਸਤੀ ਚੁੱਕ ਕੇ ਆਪਣੇ ਨਾਲ ਕਿਸੇ ਅਣਪਛਾਤੀ ਜਗ੍ਹਾ ਲੈ ਗਏ। ਇਸ ਅਚਾਨਕ ਵਾਪਰੀ ਘਟਨਾ ਨਾਲ ਪੂਰੇ ਮੁਹੱਲੇ ’ਚ ਸਨਸਨੀ ਫੈਲ ਗਈ ਹੈ ਅਤੇ ਸਥਾਨਕ ਨਿਵਾਸੀਆਂ ’ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਰੋਸ ਅਤੇ ਡਰ ਦੇਖਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਮੁਹੱਲਾ ਸ਼ਿਵਪੁਰੀ ’ਚ ਰੇਲਵੇ ਫਾਟਕ ਦੇ ਨੇੜੇ ਸਾਈਕਲ ਮੁਰੰਮਤ ਅਤੇ ਵੇਚਣ ਦਾ ਕੰਮ ਕਰਦਾ ਹੈ। ਪੀੜਤ ਪਰਿਵਾਰਕ ਮੈਂਬਰਾਂ ਅਤੇ ਅੱਖੀਂ ਦੇਖਣ ਵਾਲੇ ਮਕਾਨ ਮਾਲਕ ਨੇ ਦੱਸਿਆ ਕਿ ਦੇਰ ਰਾਤ ਜਦੋਂ ਪੂਰਾ ਪਰਿਵਾਰ ਆਪਣੇ-ਆਪਣੇ ਕਮਰਿਆਂ ’ਚ ਗੂੜ੍ਹੀ ਨੀਂਦ ’ਚ ਸੁੱਤਾ ਪਿਆ ਸੀ, ਉਦੋਂ ਹੀ ਅਚਾਨਕ ਛੱਤ ਅਤੇ ਦਰਵਾਜ਼ਿਆਂ ’ਤੇ ਜ਼ੋਰ-ਜ਼ੋਰ ਨਾਲ ਖੜਕਾਉਣ ਅਤੇ ਤੋੜਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਦੋਂ ਪਰਿਵਾਰ ਵਾਲਿਆਂ ਨੇ ਘਬਰਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਬਿਨਾਂ ਵਰਦੀ ਤੋਂ 7 ਤੋਂ 8 ਅਣਪਛਾਤੇ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ’ਚ ਇਕ ਔਰਤ ਵੀ ਸ਼ਾਮਲ ਸੀ। ਜਦੋਂ ਪਰਿਵਾਰ ਵਾਲਿਆਂ ਨੇ ਇੰਨੀ ਦੇਰ ਰਾਤ ਘਰ ’ਚ ਵੜਨ ਦਾ ਕਾਰਨ ਪੁੱਛਿਆ ਤਾਂ ਮੁਲਜ਼ਮਾਂ ਨੇ ਬਿਨਾਂ ਕੋਈ ਅਧਿਕਾਰਤ ਵਾਰੰਟ ਜਾਂ ਪਛਾਣ ਪੱਤਰ ਦਿਖਾਏ ਖੁਦ ਨੂੰ ਹਰਿਆਣਾ ਪੁਲਸ ਦੇ ਜਵਾਨ ਦੱਸਿਆ ਅਤੇ ਕਮਰਿਆਂ ਦੀ ਤਲਾਸ਼ੀ ਲੈਣ ਦੇ ਨਾਂ ’ਤੇ ਪਰਿਵਾਰ ਵਾਲਿਆਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ।

PunjabKesari

ਹੈਰਾਨੀ ਦੀ ਗੱਲ ਇਹ ਰਹੀ ਕਿ ਉਕਤ ਵਿਅਕਤੀ ਪੁਲਸ ਦੀ ਕਿਸੇ ਵੀ ਅਧਿਕਾਰਤ ਵਰਦੀ ’ਚ ਨਹੀਂ ਸਨ ਅਤੇ ਕਿਸੇ ਨਿੱਜੀ ਮਹਿਂਦਰਾ ਪਿਕਅੱਪ ਜਾਂ ਬੋਲੈਰੋ ਗੱਡੀ ’ਚ ਸਵਾਰ ਹੋ ਕੇ ਆਏ ਸਨ। ਘਰ ’ਚ ਵੜਨ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਵਾਲਿਆਂ ਨਾਲ ਬਦਸਲੂਕੀ ਕੀਤੀ ਅਤੇ ਮਕਾਨ ’ਚ ਕਿਰਾਏ ’ਤੇ ਰਹਿ ਰਹੇ ਪੰਕਜ ਅਤੇ ਉਸ ਦੀ ਪਤਨੀ ਚੰਦ ਦੇਵ ਨੂੰ ਜ਼ਬਰਦਸਤੀ ਹਿਰਾਸਤ ’ਚ ਲੈਂਦੇ ਹੋਏ ਆਪਣੇ ਨਾਲ ਗੱਡੀ ’ਚ ਬਿਠਾ ਕੇ ਲੈ ਗਏ। ਮਾਮਲੇ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੀੜਤ ਦੰਪਤੀ ਦਾ ਛੋਟਾ ਬੱਚਾ ‘ਸਾਹਿਲ’ ਘਰ ’ਚ ਇਕੱਲਾ ਰੋਂਦਾ-ਬਿਲਖਦਾ ਰਹਿ ਗਿਆ। ਮਾਸੂਮ ਬੱਚੇ ਨੇ ਸਹਿਮੇ ਹੋਏ ਲਹਿਜ਼ੇ ’ਚ ਦੱਸਿਆ ਕਿ ਉਸ ਦੇ ਮਾਤਾ-ਪਿਤਾ ਪਿਛਲੇ ਲਗਭਗ ਦੋ ਸਾਲਾਂ ਤੋਂ ਇੱਥੇ ਰਹਿ ਰਹੇ ਸਨ ਅਤੇ ਰਾਤ ਨੂੰ ਆਏ ਅਣਪਛਾਤੇ ਲੋਕ ਦੋਵਾਂ ਨੂੰ ਚੁੱਕ ਕੇ ਲੈ ਗਏ।

ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਮੁਹੱਲਾ ਸ਼ਿਵਪੁਰੀ ਅਤੇ ਨੇੜਲੇ ਸ਼ਿਆਮ ਨਗਰ ਇਲਾਕੇ ਦੇ ਨਿਵਾਸੀ ਵੱਡੀ ਗਿਣਤੀ ’ਚ ਮੌਕੇ ’ਤੇ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਅਣਪਛਾਤੇ ਸ਼ੱਕੀ ਵਿਅਕਤੀ ਘਟਨਾ ਤੋਂ ਪਹਿਲਾਂ ਵੀ ਆਸ-ਪਾਸ ਦੀਆਂ ਗਲੀਆਂ ’ਚ ਸ਼ੱਕੀ ਹਾਲਾਤ ’ਚ ਘੁੰਮਦੇ ਦੇਖੇ ਗਏ ਸਨ। ਮੁਹੱਲਾ ਨਿਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਸੀ ਪਰ ਫਗਵਾੜਾ ਪੁਲਸ ਦੀ ਟੀਮ ਸੂਚਨਾ ਮਿਲਣ ਦੇ ਕਰੀਬ ਇਕ ਘੰਟੇ ਦੀ ਦੇਰੀ ਨਾਲ ਮੌਕੇ ’ਤੇ ਪਹੁੰਚੀ। ਦੇਰ ਨਾਲ ਪਹੁੰਚੀ ਸਥਾਨਕ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਮਾਮਲੇ ਦੀ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ। ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਤੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : 1800 ਰੁਪਏ 'ਚ ਮਿਲੇਗਾ 969 ਰੁਪਏ ਵਾਲਾ ਘਰੇਲੂ LPG ਸਿਲੰਡਰ! ਬਚਣ ਲਈ ਛੇਤੀ ਕਰ ਲਓ ਇਹ ਕੰਮ

ਇਲਾਕਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾਵੇ ਤਾਂ ਜੋ ਉਕਤ ਪਿਕਅੱਪ/ਬੋਲੈਰੋ ਗੱਡੀ ਅਤੇ ਉਸ ’ਚ ਸਵਾਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਵਾਸਤਵ ’ਚ ਹਰਿਆਣਾ ਪੁਲਿਸ ਦੇ ਜਵਾਨ ਸਨ ਤਾਂ ਉਨ੍ਹਾਂ ਨੇ ਸਥਾਨਕ ਫਗਵਾੜਾ ਪੁਲਸ ਨੂੰ ਪੂਰਵ ਸੂਚਨਾ ਕਿਉਂ ਨਹੀਂ ਦਿੱਤੀ ਅਤੇ ਬਿਨਾਂ ਵਰਦੀ ਦੇ ਦੇਰ ਰਾਤ ਘਰ ਦੇ ਦਰਵਾਜ਼ੇ ਤੋੜ ਕੇ ਕਾਰਵਾਈ ਕਿਉਂ ਕੀਤੀ ਹੈ? ਫਿਲਹਾਲ ਫਗਵਾੜਾ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਕੇ ਸ਼ੱਕੀਆਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News