ਪੈਲੇਸ ’ਚ ਲੱਗੀ ਭਿਆਨਕ ਅੱਗ ਕਾਰਨ ਸਾਮਾਨ ਸੜ ਕੇ ਸੁਆਹ, ਕਰੋੜਾਂ ਦਾ ਹੋਇਆ ਨੁਕਸਾਨ

Wednesday, Aug 07, 2024 - 02:45 AM (IST)

ਪੈਲੇਸ ’ਚ ਲੱਗੀ ਭਿਆਨਕ ਅੱਗ ਕਾਰਨ ਸਾਮਾਨ ਸੜ ਕੇ ਸੁਆਹ, ਕਰੋੜਾਂ ਦਾ ਹੋਇਆ ਨੁਕਸਾਨ

ਸੰਗਰੂਰ (ਸਿੰਗਲਾ, ਗੋਇਲ, ਵਿਵੇਕ ਸਿੰਧਵਾਨੀ, ਯਾਦਵਿੰਦਰ) - ਸੰਗਰੂਰ ਵਿਖੇ ਬਾਅਦ ਦੁਪਹਿਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਕ ਪੈਲੇਸ ਸਨਰਾਈਜ਼ ਰਿਜ਼ੋਰਟ ਵਿਖੇ ਭਿਆਨਕ ਅੱਗ ਲੱਗ ਜਾਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਧੂਰੀ-ਸੰਗਰੂਰ ਰੋਡ ’ਤੇ ਸਥਿਤ ਸਨਰਾਈਜ਼ ਰਿਜ਼ੋਰਟ ’ਚ ਬਾਅਦ ਦੁਪਹਿਰ ਅੱਗ ਲੱਗ ਗਈ। ਇਹ ਅੱਗ ਦੇਖਦੇ ਹੀ ਦੇਖਦੇ ਇੰਨੀ ਫੈਲ ਗਈ ਕਿ ਇਸ ’ਤੇ ਕਾਬੂ ਪਾਉਣ ਲਈ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾਉਣੀਆਂ ਪਈਆਂ ਅਤੇ ਕਾਫੀ ਜਦੋ-ਜਹਿਦ ਦੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਫਾਇਰ ਅਫਸਰ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੇਸ਼ੱਕ ਪੈਲੇਸ ’ਚ ਅੱਗ ਬੁਝਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ ਪਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਇਸ ’ਤੇ ਕਾਬੂ ਪਾਉਣ ਲਈ ਫਾਇਰ ਦਫਤਰ ਸੰਗਰੂਰ ਦੀਆਂ ਗੱਡੀਆਂ ਨੂੰ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਇਸ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦਕਿ ਪੈਲੇਸ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਅੱਗ ਕਿਵੇਂ ਲੱਗੀ ਇਸ ਬਾਰੇ ਕੁਝ ਨਹੀਂ ਪਤਾ ਅਤੇ ਨੁਕਸਾਨ ਦਾ ਵੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿਉਂਕਿ ਵੱਡੀ ਪੱਧਰ ’ਤੇ ਪੈਲੇਸ ਦਾ ਨੁਕਸਾਨ ਹੋਇਆ ਹੈ। ਜਿਸ ’ਚ ਪੈਲੇਸ ਅੰਦਰ ਲੱਗਿਆ ਸਾਮਾਨ, ਸਜਾਵਟ ਦਾ ਸਾਮਾਨ, ਫਰਨੀਚਰ ਅਤੇ ਇਮਾਰਤ ਤੋਂ ਇਲਾਵਾ ਕਾਫੀ ਕੁਝ ਅੱਗ ਦੀ ਲਪੇਟ ’ਚ ਆਉਣ ਕਰ ਕੇ ਭਾਰੀ ਨੁਕਸਾਨ ਹੋਇਆ ਹੈ।


author

Inder Prajapati

Content Editor

Related News