ਜਲੰਧਰ ਦੀ ਇਕ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ (ਵੀਡੀਓ)
Monday, Jun 28, 2021 - 08:47 PM (IST)
ਜਲੰਧਰ(ਮਹੇਸ਼)- ਲੰਮਾ ਪਿੰਡ ਚੌਕ ਨਾਲ ਜੰਡੂਸਿੰਘਾ ਮਾਰਗ (ਪੁਰਾਣਾ ਹੁਸ਼ਿਆਰਪੁਰ ਰੋਡ) ਸ਼ੇਖੇ ਪੁਲ ਦੇ ਨੇੜੇ ਪਿੰਡ ਢੱਡਾ ਦੀ ਜ਼ਮੀਨ ’ਤੇ ਸਥਿਤ ਕੈਮੀਕਲ ਦੀ ਇਕ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। 3 ਅਤੇ 4 ਕਿੱਲੋਮੀਟਰ ਦੀ ਹੱਦ ਵਿਚ ਦੂਰ-ਦੂਰ ਤਕ ਧੂੰਆਂ ਫੈਲਿਆ ਦੇਖ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਐੱਸ. ਆਰ. ਬੀ. ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਲਿਮਟਿਡ ਨਾਂ ਨਾਲ ਚੱਲ ਰਹੀ ਉਕਤ ਫੈਕਟਰੀ ਵਿਚ ਭਿਆਨਕ ਅੱਗ ਲੱਗੀ ਹੋਣ ਦੀ ਸੂਚਨਾ ਮਿਲਦੇ ਹੀ ਇਕ ਦਰਜਨ ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਅੱਗ ਵਿਚ ਕੈਮੀਕਲ ਹੋਣ ਕਾਰਨ ਭਾਰੀ ਮੁਸ਼ੱਕਤ ਦੇ ਬਾਵਜੂਦ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ, ਜਿਸ ਕਾਰਨ ਅੱਗ ਲਗਾਤਾਰ ਫੈਲਦੀ ਜਾ ਰਹੀ ਸੀ। ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਤਹਿਸੀਲਦਾਰ, ਕਾਨੂੰਗੋ, ਪਟਵਾਰੀ, ਡੀ. ਐੱਸ. ਪੀ. ਆਦਮਪੁਰ ਅਤੇ ਐੱਸ. ਐੱਚ. ਓ. ਪਤਾਰਾ ਵੀ ਮੌਕੇ ’ਤੇ ਪਹੁੰਚੇ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਵਿਚ ਜੁੱਟ ਗਏ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਤੋਂ ਸਾਹਮਣੇ ਆਏ ਸਿੱਖ ਲੜਕੀਆਂ ਦੇ ਧਰਮ ਤਬਦੀਲੀ ਦੇ ਮਾਮਲੇ ’ਚ ਜਾਗੋ ਪਾਰਟੀ ਵਲੋਂ ਰੋਸ ਪ੍ਰਦਰਸ਼ਨ
ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਵਿਚ ਕੈਮੀਕਲ ਦਾ ਇਕ ਟੈਂਕ ਹੋਣ ਕਾਰਨ ਕੋਈ ਵੱਡਾ ਖਤਰਾ ਵੀ ਹੋ ਸਕਦਾ ਹੈ ਪਰ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ 4 ਘੰਟਿਆਂ ਵਿਚ ਰਾਤ 9 ਵਜੇ ਤੱਕ ਅੱਗ 'ਤੇ ਕਾਬੂ ਪਾਇਆ l ਅੱਗ ਸ਼ਾਮ ਲਗਭਗ 5 ਵਜੇ ਲੱਗੀ ਦੱਸੀ ਜਾ ਰਹੀ ਹੈ।
ਐੱਸ. ਐੱਚ. ਓ. ਪਤਾਰਾ ਵਿਨੋਦ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਅਜੇ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੀ ਫੈਕਟਰੀ ਮਾਲਕ ਦੇ ਬਿਆਨ ਲੈ ਰਹੀ ਹੈ। ਸਿਵਲ ਅਤੇ ਪੁਲਸ ਪ੍ਰਸ਼ਾਸਨ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਫੈਕਟਰੀ ਵਿਚ ਕੈਮੀਕਲ ਦੇ ਇਲਾਵਾ ਹੋਰ ਕੀ ਕੀ ਮੌਜੂਦ ਸੀ।
ਅੱਗ ਦੇਖਦੇ ਹੀ ਲੇਬਰ ਤੁਰੰਤ ਬਾਹਰ ਆ ਗਈ
ਕੈਮੀਕਲ ਫੈਕਟਰੀ ਵਿਚ ਅੱਗ ਲੱਗੀ ਦੇਖ ਫੈਕਟਰੀ ਵਿਚ ਮੌਜੂਦ ਲੇਬਰ ਤੁਰੰਤ ਬਾਹਰ ਆ ਗਈ ਅਤੇ ਉਨ੍ਹਾਂ ਨੇ ਆਪਣੇ ਪੱਧਰ ’ਤੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਮਿੰਟਾਂ ਵਿਚ ਹੀ ਅੱਗ ਕਾਫ਼ੀ ਫੈਲ ਜਾਣ ਕਾਰਨ ਉਹ ਦੂਰ-ਦੂਰ ਤਕ ਖੇਤਾਂ ਵਿਚ ਭੱਜ ਗਏ ਤੇ ਆਪਣੀ ਜਾਨ ਬਚਾਉਣਾ ਹੀ ਬਿਹਤਰ ਸਮਝਿਆ। ਕਿਹਾ ਜਾ ਰਿਹਾ ਹੈ ਕਿ ਜੇਕਰ ਲੇਬਰ ਤੁਰੰਤ ਬਾਹਰ ਨਾ ਆਉਂਦੀ ਤਾਂ ਕਿਸੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ।
ਇਹ ਵੀ ਪੜ੍ਹੋ- ਨਹਿਰੀ ਪਾਣੀ ਦੀ ਬੰਦੀ ਨੂੰ ਲੈ ਕੇ ਮਰਨ ਵਰਤ 'ਤੇ ਬੈਠਾ ਕਿਸਾਨ ਆਗੂ
ਫੈਕਟਰੀ ਦੀ ਡਿੱਗੀ ਛੱਤ ਸਿਲੰਡਰ ਫਟਣ ਨਾਲ ਹੋਇਆ ਧਮਾਕਾ
ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਕਾਰਨ ਫੈਕਟਰੀ ਦੀ ਛੱਤ ਵੀ ਡਿੱਗ ਪਈ ਅਤੇ ਅੰਦਰ ਪਏ ਕੈਮੀਕਲ ਦੇ ਸਿਲੰਡਰ ਫਟਣ ਕਾਰਨ ਲਗਾਤਾਰ ਧਮਾਕੇ ਹੁੰਦੇ ਰਹੇ। ਧਮਾਕਿਆਂ ਕਾਰਨ ਫਾਇਰ ਬ੍ਰਿਗੇਡ ਕਰਮਚਾਰੀ ਵੀ ਅੱਗੇ ਨਹੀਂ ਵੱਧ ਰਹੇ ਸਨ ਧਮਾਕਿਆਂ ਦੀ ਆਵਾਜ਼ ਰੁਕਦੇ ਹੀ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ।