ਪੰਜਾਬੀਓ ਹੋ ਜਾਓ ਸਾਵਧਾਨ, ਗਰਮੀ ਕਾਰਨ ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਭਿਆਨਕ ਬੀਮਾਰੀ

Saturday, May 24, 2025 - 06:37 PM (IST)

ਪੰਜਾਬੀਓ ਹੋ ਜਾਓ ਸਾਵਧਾਨ, ਗਰਮੀ ਕਾਰਨ ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਭਿਆਨਕ ਬੀਮਾਰੀ

ਅੰਮ੍ਰਿਤਸਰ (ਦਲਜੀਤ)- ਅੱਤ ਦੀ ਪੈ ਰਹੀ ਗਰਮੀ ਵਿਚ ਡੇਂਗੂ ਅਤੇ ਚਿਕਨਗੁਣੀਆ ਬੀਮਾਰੀ ਨੇ ਪੈਰ ਪਸਾਰਨੇ ਜ਼ਿਲ੍ਹੇ ਵਿਚ ਸ਼ੁਰੂ ਕਰ ਦਿੱਤੇ ਹਨ। ਜ਼ਿਲੇ ਅੰਦਰ ਡੇਂਗੂ ਦੇ ਸੱਤ ਅਤੇ ਚਿਕਨਗੁਣੀਆ ਦੇ 16 ਮਾਮਲੇ ਰਿਪੋਰਟ ਹੋਏ ਹਨ। ਸਿਹਤ ਵਿਭਾਗ ਵਲੋਂ ਡੇਂਗੂ ਅਤੇ ਚਿਕਨਗੁਣੀਆ ਦੇ ਜਿੱਥੇ ਸਰਕਾਰੀ ਸਿਹਤ ਕੇਂਦਰਾਂ ਵਿਚ ਮੁਫਤ ਟੈਸਟ ਕਰਨ ਦੇ ਹੁਕਮ ਜਾਰੀ ਕੀਤੇ ਹਨ, ਉਥੇ ਹੀ ਉਕਤ ਵਰਗ ਦੇ ਮਰੀਜ਼ਾਂ ਲਈ ਸਿਹਤ ਕੇਂਦਰਾਂ ਵਿਚ 70 ਬੈੱਡ ਰਾਖਵੇਂ ਰੱਖੇ ਹਨ। ਵਿਭਾਗ ਵਲੋਂ ਡੇਂਗੂ ਅਤੇ ਚਿਕਨਗੁਣੀਆ ਦੀ ਬੀਮਾਰੀ ਦੇ ਬਚਾਅ ਲਈ ਲੋਕਾਂ ਲਈ ਗਾਈਡਲਾਈਨ ਵੀ ਜਾਰੀ ਕੀਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਡੇਂਗੂ ਦਾ ਮੱਛਰ 16 ਤੋਂ 30 ਡਿਗਰੀ ਤਾਪਮਾਨ ਵਿਚ ਜ਼ਿਆਦਾ ਆਪਣਾ ਅਸਰ ਦਿਖਾਉਂਦਾ ਹੈ। ਇਹ ਮੱਛਰ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਤਕਰੀਬਨ ਸੱਤ ਦਿਨ ਪਾਣੀ ਖੜ੍ਹਾ ਰਹਿਣ ’ਤੇ ਇਹ ਲਾਰਵਾ ਪੈਦਾ ਕਰਦਾ ਹੈ। ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ ਵਿਚ ਹੁਣ ਤਕ ਸੱਤ ਮਾਮਲੇ ਡੇਂਗੂ ਦੇ ਪਾਜ਼ੇਟਿਵ ਆਏ ਹਨ, ਜਦਕਿ ਚਿਕਨਗੁਣੀਆ ਦੇ 16 ਕੇਸ ਰਿਪੋਰਟ ਕੀਤੇ ਗਏ ਹਨ। ਪਿਛਲੇ ਸਾਲ ਡੇਂਗੂ ਦੇ 105 ਮਾਮਲੇ ਪਾਜ਼ੇਟਿਵ ਆਏ ਸਨ ਅਤੇ 32 ਮਾਮਲੇ ਚਿਕਨਗੁਣੀਆ ਦੇ ਰਿਪੋਰਟ ਹੋਏ ਸਨ।

ਇਹ ਵੀ ਪੜ੍ਹੋ-  ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ

ਕਿਹਾ ਜਾਂਦਾ ਹੈ ਕਿ ਡੇਂਗੂ ਦਾ ਮੱਛਰ ਇਕ ਸਾਲ ਆਪਣਾ ਜ਼ਿਆਦਾ ਅਸਰ ਦਿਖਾਉਂਦਾ ਹੈ ਅਤੇ ਦੂਸਰੇ ਸਾਲ ਇਸ ਦਾ ਅਸਰ ਘੱਟ ਜਾਂਦਾ ਹੈ। ਪਿਛਲੇ ਸਾਲ ਉਕਤ ਬੀਮਾਰੀ ਦੇ ਬੇਹੱਦ ਘੱਟ ਮਾਮਲੇ ਸਾਹਮਣੇ ਆਏ ਸਨ। ਇਸ ਵਾਰ ਮਾਮਲੇ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ।

ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਿਹਤ ਕੇਂਦਰਾਂ ਵਿਚ ਡੇਂਗੂ ਅਤੇ ਚਿਕਨਗੁਣੀਆ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਫੀਲਡ ਵਿਚ ਜਾ ਕੇ ਸਕੂਲਾਂ ਅਤੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਗਾਈਡਲਾਈਨ ਦੀ ਲੋਕਾਂ ਨੂੰ ਪਾਲਣਾ ਵੀ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਜ਼ਿਲਾ ਮਲੇਰੀਆ ਅਧਿਕਾਰੀ ਡਾ. ਹਰਜੋਤ ਕੌਰ ਨੇ ਕਿਹਾ ਕਿ ਵਿਭਾਗ ਪੂਰੀ ਚੌਕਸੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਸਿਹਤ ਕੇਂਦਰਾਂ ਵਿਚ 70 ਬੈੱਡ ਰਾਖਵੇਂ ਰੱਖੇ ਗਏ ਹਨ।

ਇਹ ਵੀ ਪੜ੍ਹੋ- ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ

ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਪੱਤਰ ਜਾਰੀ ਕਰ ਕੇ ਸਿਹਤ ਵਿਭਾਗ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਆਮ ਜਨਤਾ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਸਾਫ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਵਿਭਾਗ ਦੀਆਂ ਗਾਈਡਲਾਈਨ ਦੀ ਪਾਲਣਾ ਕਰਨ।

ਡਾ. ਹਰਜੋਤ ਕੌਰ ਨੇ ਦੱਸਿਆ ਕਿ ਵਿਭਾਗ ਵਲੋਂ ਲਗਾਤਾਰ ਲੋਕਾਂ ਨੂੰ ਮੁਹਿੰਮ ਵਿਚ ਸ਼ਾਮਲ ਕਰ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹਰ ਸ਼ੁੱਕਰਵਾਰ ਡਰਾਈ ਡੇਅ, ਫਰਾਈਡੇ ਤਹਿਤ ਮੁਹਿੰਮ ਨੂੰ ਹੇਠਲੇ ਪੱਧਰ ਤਕ ਲਾਗੂ ਕਰਵਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿਚ ਡੇਂਗੂ ਅਤੇ ਚਿਕਨਗੁਣੀਆ ਦੇ ਟੈਸਟ ਦੀ ਰਿਪੋਰਟ ਹੀ ਨਿਯਮਾਂ ਅਨੁਸਾਰ ਮੰਨੀ ਜਾਂਦੀ ਹੈ, ਜਦਕਿ ਪ੍ਰਾਈਵੇਟ ਅਦਾਰਿਆਂ ਦੀ ਰਿਪੋਰਟ ਦੀ ਪੁਸ਼ਟੀ ਵਿਭਾਗ ਵਲੋਂ ਨਹੀਂ ਕੀਤੀ ਜਾਂਦੀ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀਤਾ ਸਿਹਤ ਵਿਭਾਗ ਦਾ ਸਾਥ ਦੇਣ ਦਾ ਐਲਾਨ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਅਤੇ ਸੈਕਟਰੀ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਐਸੋਸੀਏਸ਼ਨ ਹਮੇਸ਼ਾ ਹੀ ਸਿਹਤ ਵਿਭਾਗ ਵਲੋਂ ਲੋਕਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਲੋਕਾਂ ਨੂੰ ਦੇਣ ਲਈ ਕੰਮ ਕਰਦੀ ਰਹੀ ਹੈ।

 ਇਹ ਵੀ ਪੜ੍ਹੋ- ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...

ਐਸੋਸੀਏਸ਼ਨ ਵਲੋਂ ਡੇਂਗੂ ਅਤੇ ਚਿਕਨਗੁਣੀਆ ਦੀ ਰੋਕਥਾਮ ਲਈ ਵਿਭਾਗ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਹਸਪਤਾਲ ਚੌਕਸੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਅਤੇ ਚਿਕਨਗੁਣੀਆ ਦੀ ਜਾਗਰੂਕਤਾ ਸਬੰਧੀ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਡਾ. ਚਾਵਲਾ ਨੇ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਹੀ ਵਿਭਾਗ ਵਲੋਂ ਜਾਰੀ ਗਾਈਡਲਾਈਨ ਨੂੰ ਹੇਠਲੇ ਪੱਧਰ ਤਕ ਲਾਗੂ ਕਰਵਾਉਣ ਲਈ ਗੰਭੀਰਤਾ ਨਾਲ ਕੰਮ ਕਰਦੀ ਰਹੀ ਹੈ।

ਡੇਂਗੂ ਤੇ ਚਿਕਨਗੁਣੀਆ ਦੇ ਇਹ ਹਨ ਮੁੱਖ ਲੱਛਣ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਣੀਆ ਦੇ ਲੱਛਣ ਤਕਰੀਬਨ ਮਿਲਦੇ-ਜੁਲਦੇ ਹਨ। ਉਨ੍ਹਾਂ ਦੱਸਿਆ ਕਿ ਤੇਜ ਸਿਰ ਦਰਦ ਹੋਣਾ, ਮਾਸਪੇਸ਼ੀਆਂ ਵਿਚ ਦਰਦ, ਅੱਖਾਂ ਦੇ ਪਿੱਛੇ ਦਰਦ ਰਹਿਣਾ, ਪੇਟ ਦਰਦ ਹੋਣਾ, ਮੂੰਹ ਅਤੇ ਨੱਕ ਰਾਹੀਂ ਖੂਨ ਆਉਣਾ ਆਦਿ ਇਸ ਦੇ ਮੁੱਖ ਲੱਛਣ ਹਨ।

 ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਲੋਕਾਂ ਨੂੰ ਜਦੋਂ ਵੀ ਇਹ ਲੱਛਣ ਆਪਣੇ ਸਰੀਰ ਅੰਦਰ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਸਿਹਤ ਕੇਂਦਰਾਂ ਵਿਚ ਜਾ ਕੇ ਆਪਣੀ ਮੁਫਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਲਗਾਤਾਰ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News