ਮਾਣ ਵਾਲੀ ਗੱਲ : ਨਿਊਜ਼ੀਲੈਂਡ ਦੀ ਡਿਸਟ੍ਰਿਕਟ ਹਾਈਕੋਰਟ ’ਚ ਟੈਰੇਂਸ ਸਿੰਘ ਬਣੇ ਪਹਿਲੇ ਪੰਜਾਬੀ ਜੱਜ
Tuesday, Jan 18, 2022 - 08:43 PM (IST)
ਬਟਾਲਾ (ਮਠਾਰੂ) : ਪੰਜਾਬੀ ਮੂਲ ਦੇ ਭਾਰਤੀ ਤੇ ਨਿਊਜ਼ੀਲੈਂਡ ਦੇ ਜੰਮਪਲ ਜ਼ਿਲ੍ਹਾ ਫਗਵਾੜਾ ਦੇ ਪਿੰਡ ਸੰਗਤਪੁਰਾ ਦੇ ਪਹਿਲੇ ਪੰਜਾਬੀ ਨੌਜਵਾਨ ਟੈਰੇਂਸ ਸਿੰਘ ਨੇ ਨਿਊਜ਼ੀਲੈਂਡ ’ਚ ਹੈਮਿਲਟਨ ਡਿਸਟ੍ਰਿਕਟ ਹਾਈਕੋਰਟ ਦੇ ਜੱਜ ਬਣਨ ਦਾ ਮਾਣ ਹਾਸਲ ਕਰਦਿਆਂ ਪੰਜਾਬ, ਪੰਜਾਬੀਅਤ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਊਜ਼ੀਲੈਂਡ ਦੇ ਪਹਿਲੇ ਪੰਜਾਬੀ ਜੱਜ ਬਣੇ ਟੈਰੇਂਸ ਸਿੰਘ ਦੇ ਭਰਾ ਬਟਾਲਾ ਤੋਂ ਕੌਂਸਲਰ ਹਰਸਿਮਰਨ ਸਿੰਘ ਹੀਰਾ ਵਾਲੀਆ ਤੇ ਹਰਵਿੰਦਰ ਸਿੰਘ ਲਾਲੀ ਵਾਲੀਆ ਨੇ ਦੱਸਿਆ ਕਿ ਨੰਬਰਦਾਰ ਦਰਬਾਰਾ ਸਿੰਘ ਦੇ ਪੋਤਰੇ ਤੇ ਪਿਤਾ ਪਰਿਵਾਰ ਸਿੰਘ ਤੇ ਮਾਤਾ ਜ਼ੀਨ ਸਿੰਘ ਵਾਸੀ ਪਿੰਡ ਸੰਗਤਪੁਰਾ ਫਗਵਾੜਾ ਦੇ ਹੋਣਹਾਰ ਸਪੁੱਤਰ ਟੈਰੇਂਸ ਸਿੰਘ ਨੇ ਨਿਊਜ਼ੀਲੈਂਡ ’ਚ ਜਨਮ ਲੈ ਕੇ ਆਪਣੀ ਮੁੱਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਯੂਨੀਵਰਸਿਟੀ ਵਿਚ ਉੱਚ ਪੱਧਰੀ ਸਿੱਖਿਆ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਟੈਰੇਂਸ ਸਿੰਘ ਨੇ ਲੰਮਾ ਸਮਾਂ ਨਿਊਜ਼ੀਲੈਂਡ ’ਚ ਸਰਕਾਰੀ ਵਕੀਲ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ।
ਇਹ ਵੀ ਪੜ੍ਹੋ : ਰਾਣਾ ਗੁਰਜੀਤ ਖ਼ਿਲਾਫ਼ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ, ਇਨ੍ਹਾਂ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ
ਉਨ੍ਹਾਂ ਦੱਸਿਆ ਕਿ 47 ਸਾਲ ਦੀ ਉਮਰ ’ਚ ਪਹਿਲੇ ਪੰਜਾਬੀ ਨੌਜਵਾਨ ਟੈਰੇਂਸ ਸਿੰਘ ਨੇ ਨਿਊਜ਼ੀਲੈਂਡ ਦੀ ਹੈਮਿਲਟਨ ਡਿਸਟ੍ਰਿਕਟ ਹਾਈਕੋਰਟ ਵਿਚ ਬਤੌਰ ਜੱਜ ਬਣਨ ਦੀ ਮਾਣਮੱਤੀ ਪ੍ਰਾਪਤੀ ਹਾਸਲ ਕਰਕੇ ਸਮੁੱਚੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਵਾਲੀਆ ਭਰਾਵਾਂ ਨੇ ਦੱਸਿਆ ਕਿ ਇਸ ਦੌਰਾਨ ਨਿਊਜ਼ੀਲੈਂਡ ਦੀ ਉੱਚ ਨਿਆਂ ਪਾਲਿਕਾ ਅਤੇ ਸਰਕਾਰ ਵੱਲੋਂ ਟੈਰੇਂਸ ਸਿੰਘ ਨੂੰ ਹੈਮਿਲਟਨ ਡਿਸਟ੍ਰਿਕ ਹਾਈਕੋਰਟ ਦੇ ਜੱਜ ਦਾ ਸਰਟੀਫਿਕੇਟ ਜਾਰੀ ਕਰਦਿਆਂ ਸ਼ੁੱਭ-ਇੱਛਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਣਹਾਰ ਨੌਜਵਾਨ ਜੱਜ ਟੈਰੇਂਸ ਸਿੰਘ ਦੀ ਨਿਆਂ ਪਾਲਿਕਾ ਦੇ ਖੇਤਰ ’ਚ ਵੱਡੀ ਕਾਮਯਾਬੀ ਅਤੇ ਪ੍ਰਾਪਤੀ ਦੀ ਹਰ ਪਾਸਿਓਂ ਪ੍ਰਸ਼ੰਸਾ ਹੋ ਰਹੀ ਹੈ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਚੋਣਾਂ ਦੇ ਭਖ਼ਦੇ ਮਾਹੌਲ ਦੌਰਾਨ ਭਗਵੰਤ ਮਾਨ ਦਾ ਵੱਡਾ ਬਿਆਨ, CM ਚਿਹਰੇ ’ਤੇ ਫਿਰ ਆਖੀ ਇਹ ਗੱਲ (ਵੀਡੀਓ)