ਪੁਲਸ ਵਿਭਾਗ ਦੇ 47 ਹਜ਼ਾਰ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼
Thursday, Feb 09, 2023 - 08:08 PM (IST)

ਜਲੰਧਰ (ਨਰਿੰਦਰ ਮੋਹਨ) : ਪੰਜਾਬ ਸਰਕਾਰ ਨੇ ਪੁਲਸ ਵਿਭਾਗ 'ਚ 47 ਹਜ਼ਾਰ ਤੋਂ ਵੱਧ ਆਰਜ਼ੀ ਮੁਲਾਜ਼ਮਾਂ ਨੂੰ ਕਰੀਬ ਦੋ ਮਹੀਨੇ ਦਾ ਵਾਧਾ ਦਿੱਤਾ ਹੈ। ਸਰਕਾਰ ਆਮ ਤੌਰ 'ਤੇ ਵਿੱਤੀ ਸਾਲ ਦੀ ਸ਼ੁਰੂਆਤ 'ਚ ਇਨ੍ਹਾਂ ਅਹੁਦਿਆਂ 'ਤੇ ਅਸਥਾਈ ਅਸਾਮੀਆਂ ਲਈ ਸਾਲਾਨਾ ਪ੍ਰਵਾਨਗੀ ਜਾਰੀ ਕਰਦੀ ਹੈ। ਇਸ ਵਾਰ 31 ਮਾਰਚ 2023 ਤਕ ਕਰੀਬ ਦੋ ਮਹੀਨੇ ਲਈ ਸਰਕਾਰ ਨੇ ਇਨ੍ਹਾਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ। ਮੁਲਾਜ਼ਮਾਂ ਦੀ ਘਾਟ ਦੇ ਮੱਦੇਨਜ਼ਰ ਸਾਲ 2020 ਵਿੱਚ ਇੱਕ ਸਾਲ ਲਈ ਪੁਲਸ ਵਿਭਾਗ 'ਚ ਆਰਜ਼ੀ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਹ ਹਰ ਸਾਲ ਇਨ੍ਹਾਂ ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਤੋਂ ਬਾਅਦ ਪੁਲਸ ਵਿਭਾਗ ਇਨ੍ਹਾਂ ਅਸਥਾਈ ਅਸਾਮੀਆਂ 'ਤੇ ਤਾਇਨਾਤ ਅਧਿਕਾਰੀਆਂ ਨੂੰ ਤਨਖ਼ਾਹ ਦੇ ਸਕੇਗਾ।
ਇਹ ਵੀ ਪੜ੍ਹੋ : ਪਿੰਡਾਂ 'ਚ ਸਾਫ਼ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ, ਮੰਤਰੀ ਜਿੰਪਾ ਨੇ ਵਿਭਾਗ ਦੇ ਕੰਮਾਂ ਦੀ ਦਿੱਤੀ ਜਾਣਕਾਰੀ
47,218 ਅਸਥਾਈ ਅਸਾਮੀਆਂ 'ਚੋਂ 44,358 ਅਸਾਮੀਆਂ ਕਾਰਜਕਾਰੀ ਹਨ, 486 ਮੀਨੀਸਟ੍ਰੀਅਲ, 9 ਅਸਾਮੀਆਂ ਐੱਫ.ਡੀ ਸਟਾਫ ਦੀਆਂ ਹਨ, 27 ਫੁਟਕਲ ਅਸਾਮੀਆਂ, 110 ਹਸਪਤਾਲ ਸਟਾਫ, 1092 ਚੌਥੀ ਸ਼੍ਰੇਣੀ ਦੀਆਂ ਅਸਾਮੀਆਂ, 912 ਪੂਰਾ ਸਮਾਂ ਅਤੇ 219 ਪਾਰਟ ਟਾਈਮ ਅਸਾਮੀਆਂ ਹਨ। ਡੀ.ਜੀ.ਪੀ ਦਫ਼ਤਰ ਵੱਲੋਂ ਇਨ੍ਹਾਂ ਅਸਾਮੀਆਂ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ 47,218 ਅਸਥਾਈ ਅਸਾਮੀਆਂ ਦੀ ਮਨਜ਼ੂਰੀ ਜਾਰੀ ਰੱਖੀ ਹੈ।