ਪੰਜਾਬ ’ਚ ਮੀਂਹ ਨਾਲ 13 ਡਿਗਰੀ ਡਿੱਗਾ ਪਾਰਾ, ਹਿਮਾਚਲ ਅਤੇ ਉੱਤਰਖੰਡ 'ਚ ਹੋਈ ਬਰਫ਼ਬਾਰੀ

05/24/2022 4:48:55 PM

ਲੁਧਿਆਣਾ/ਜਲਾਲਾਬਾਦ (ਰਾਜੇਸ਼, ਗੋਪਾਲ, ਸ. ਹ., ਸਲੂਜਾ, ਸੁਮਿਤ, ਭਾਸ਼ਾ): ਹਿਮਾਚਲ ਦੇ ਸਿਰਮੌਰ ਅਤੇ ਸ਼ਿਮਲਾ ਜ਼ਿਲੇ ਦੀ ਹੱਦ ’ਤੇ ਸਥਿਤ ਚੂੜਧਾਰ ’ਚ 1962 ਤੋਂ ਬਾਅਦ ਮਈ ਮਹੀਨੇ ’ਚ ਬਰਫ਼ਬਾਰੀ ਹੋਈ। ਇਸ ਤੋਂ ਇਲਾਵਾ ਸੋਮਵਾਰ ਸਵੇਰੇ ਧੌਲਾਧਾਰ ਰੇਂਜ ’ਚ ਵੀ ਤਾਜ਼ਾ ਬਰਫ਼ ਡਿੱਗੀ। ਉੱਥੇ ਹੀ ਉੱਤਰਾਖੰਡ ਦੇ ਬਦਰੀਨਾਥ ਧਾਮ ਦੀ ਉੱਚੀਆਂ ਪਹਾੜੀਆਂ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ’ਚ ਵੀ ਬਰਫ਼ਬਾਰੀ ਹੋਈ। ਕੇਦਾਰਨਾਥ ’ਚ ਭਾਰੀ ਮੀਂਹ ਦੀ ਕਾਰਨ ਪ੍ਰਸ਼ਾਸਨ ਨੇ ਸਵੇਰੇ ਯਾਤਰੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਰੋਕ ਦਿੱਤਾ ਸੀ। ਦੁਪਹਿਰ 1 ਵਜੇ ਤੋਂ 2 ਵਜੇ ਤੱਕ ਮੌਸਮ ਸਾਫ਼ ਹੋਣ ’ਤੇ ਹੀ ਯਾਤਰੀਆਂ ਨੂੰ ਧਾਮ ਲਈ ਰਵਾਨਾ ਕੀਤਾ ਗਿਆ। 

ਇਹ ਵੀ ਪੜ੍ਹੋ- ਅਕਾਲੀ ਦਲ ਸੰਯੁਕਤ ਵੱਲੋਂ ਸੁਖਬੀਰ ਬਾਦਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਕਮੇਟੀ ’ਚੋਂ ਬਾਹਰ ਕੱਢਣ ਦੀ ਮੰਗ

ਪੰਜਾਬ ’ਚ ਐਤਵਾਰ ਰਾਤ ਪਏ ਮੀਂਹ ਨਾਲ ਸੋਮਵਾਰ ਨੂੰ ਸੂਬੇ ’ਚ ਪਾਰਾ 13 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਿਸ ਨਾਲ ਗਰਮੀ ਦੇ ਕਹਿਰ ਤੋਂ ਰਾਹਤ ਮਿਲੀ। ਉੱਥੇ ਹੀ ਜਲਾਲਾਬਾਦ ’ਚ ਬਾਅਦ ਦੁਪਹਿਰ ਮੀਂਹ ਦੇ ਨਾਲ ਕਈ ਸਥਾਨਾਂ ’ਤੇ ਗੜੇ ਪਏ। ਮੌਸਮ ਮਾਹਿਰਾਂ ਨੇ ਦੱਸਿਆ ਕਿ 24 ਮਈ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਓਧਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਸੋਮਵਾਰ ਸਵੇਰੇ ਭਾਰੀ ਮੀਂਹ ਅਤੇ ਹਨੇਰੀ ਕਾਰਨ ਕਈ ਮਕਾਨ ਢਹਿ ਗਏ, ਜਿਸ ਨਾਲ 8 ਲੋਕ ਮਾਮੂਲੀ ਰੂਪ ’ਚ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ- ਜਲੰਧਰ ਦਿਹਾਤੀ ਨੂੰ ਨਸ਼ਾ ਅਤੇ ਜੁਰਮ ਮੁਕਤ ਕਰਵਾਉਣ ਮੇਰਾ ਮੁੱਖ ਟੀਚਾ- ਐੱਸ.ਐੱਸ.ਪੀ. ਸਵਪਨ ਸ਼ਰਮਾ

ਰਾਜਧਾਨੀ ਦੇ ਕੁਝ ਹਿੱਸਿਆਂ ’ਚ ਦਰਖਤ ਉੱਖੜ ਗਏ, ਜਿਸ ਨਾਲ ਕਈ ਜਗ੍ਹਾ ਟ੍ਰੈਫਿਕ ਜਾਮ ਲੱਗਾ ਰਿਹਾ। ਦਿੱਲੀ ’ਚ ਸਵੇਰੇ 5 ਵੱਜ ਕੇ 40 ਮਿੰਟ ਤੋਂ 7 ਵਜੇ ਦੇ ਦਰਮਿਆਨ ਤਾਪਮਾਨ 11 ਡਿਗਰੀ ਡਿੱਗ ਕੇ 29 ਡਿਗਰੀ ਸੈਲਸੀਅਸ ਤੋਂ ਘੱਟ ਕੇ 18 ਡਿਗਰੀ ਸੈਲਸੀਅਸ ਰਹਿ ਗਿਆ। ਉੱਥੇ ਹੀ ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ’ਚ ਐਤਵਾਰ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਹਰਿਆਣਾ ’ਚ ਵੀ ਬੱਦਲ ਜੰਮ ਕੇ ਵਰ੍ਹੇ, ਗੁਰੂਗ੍ਰਾਮ ’ਚ ਕਈ ਜਗ੍ਹਾ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ 20 ਜੂਨ ਤੱਕ ਮਾਨਸੂਨ ਦੇ ਹਿਮਾਚਲ ਪੁੱਜਣ ਦੀ ਉਮੀਦ ਪ੍ਰਗਟਾਈ ਹੈ ਅਤੇ ਇਸ ਦੇ ਨਾਲ ਹੀ ਮੰਗਲਵਾਰ ਲਈ ਮੀਂਹ ਅਤੇ ਗੜੇ ਪੈਣ ਦਾ ਅਲਰਟ ਜਾਰੀ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News