ਹੁਣ ਤਹਿਸੀਲਦਾਰਾਂ ਵੱਲੋਂ ਵੀ ਸਮੂਹਿਕ ਛੁੱਟੀ ''ਤੇ ਜਾਣ ਦਾ ਐਲਾਨ, ਰਜਿਸਟਰੀਆਂ ਦਾ ਕੰਮਕਾਜ ਵੀ ਹੋਵੇਗਾ ਠੱਪ
Monday, May 09, 2022 - 08:46 PM (IST)
ਨਵਾਂਸ਼ਹਿਰ (ਮਨੋਰੰਜਨ): ਪਟਵਾਰੀਆਂ ਮਗਰੋਂ ਹੁਣ ਤਹਿਸੀਲਦਾਰਾਂ ਵੱਲੋਂ ਵੀ ਸਮੂਹਿਕ ਛੁੱਟੀ 'ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਦੀ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬਾ ਭਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਅੱਜ ਸੋਮਵਾਰ ਤੋਂ ਬੁੱਧਵਾਰ ਤੱਕ ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਪਟਵਾਰੀਆਂ ਦੇ ਸੰਘਰਸ਼ ਦੇ ਹੱਕ ’ਚ ਆਪਣਾ ਕੰਮਕਾਜ ਠੱਪ ਰੱਖਣਗੇ। ਨਵਾਂਸ਼ਹਿਰ ਦੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਲੇਰਕੋਟਲਾ ਨਾਲ ਸੰਬਧਤ ਪਟਵਾਰੀ ਦੀਦਾਰ ਸਿੰਘ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਥਿਤ ਸਾਜ਼ਿਸ਼ ਦੇ ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਮਾਲ ਅਧਿਕਾਰੀ, ਕਾਨੂੰਗੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ
ਉਨ੍ਹਾਂ ਅੱਗੇ ਕਿਹਾ ਕਿ ਅਸਲ ’ਚ ਪਟਵਾਰੀ ਦੀਦਾਰ ਸਿੰਘ ਨਾਲ ਸਬੰਧਤ ਵਿਜੀਲੈਂਸ ਵਿਭਾਗ ਵੱਲੋ ਜ਼ਮੀਨ ਦੀਆਂ ਰਜਿਸਟਰੀਆਂ ਸਹਿਤ ਚੱਲ ਅਤੇ ਅਚੱਲ ਜਾਇਦਾਦ ਬਾਰੇ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ’ਚ ਮਾਲ ਵਿਭਾਗ ’ਚ ਪਟਵਾਰੀਆਂ, ਕਾਨੂੰਗੋ ਅਤੇ ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਕਦੇ ਵੀ ਖ਼ਾਲੀ ਪਏ ਅਹੁਦਿਆਂ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਿਸ ਕਾਰਨ ਮਜਬੂਰੀ ’ਚ ਬਾਹਰ ਦੇ ਵਿਅਕਤੀਆਂ ਨੂੰ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭਲਕੇ ਹੋਵੇਗੀ CM ਮਾਨ ਨਾਲ ਪ੍ਰਿੰਸੀਪਲ ਅਤੇ ਡੀ. ਈ. ਓਜ਼ ਦੀ ਬੈਠਕ, ਸਰਕਾਰ ਕਰਨ ਜਾ ਰਹੀ ਹੈ ਇਹ ਪ੍ਰਬੰਧ
ਉਨ੍ਹਾਂ ਕਿਹਾ ਕਿ ਪਟਵਾਰੀ ਦੀਦਾਰ ਸਿੰਘ ਦੀ ਕਥਿਤ ਗ੍ਰਿਫ਼ਤਾਰੀ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਦੇ ਤੌਰ ’ਤੇ ਸੂਬੇ ਦੇ ਸਮੂਹ ਮਾਲ ਅਧਿਕਾਰੀ ਜਿਨ੍ਹਾਂ ’ਚ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਸ਼ਾਮਲ ਹਨ, 9 ਮਈ ਤੋਂ 11 ਮਈ ਤੱਕ ਸਮੂਹਿਕ ਛੁੱਟੀ ’ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਨਵੇਂ ਵਾਹਨ ਅਤੇ ਸਿਕਿਓਰਟੀ ਦੀ ਮੰਗ ਨੂੰ ਮੰਨਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਾਲ ਅਧਿਕਾਰੀਆਂ ’ਚ ਭਾਰੀ ਰੋਸ ਹੈ।
ਨੋਟ : ਤਹਿਸੀਲਦਾਰਾਂ ਦੇ ਇਸ ਫ਼ੈਸਲੇ ਸਬੰਧੀ ਤੁਸੀਂ ਕੀ ਕਹੋਗੇ ? ਕੁਮੈਂਟ ਕਰਕੇ ਦੱਸੋ