ਪੰਜਾਬ ''ਚ 50 ਸੰਸਥਾਨਾਂ ''ਚੋਂ 200 ਦਿਨ ਚਲੇਗਾ ਰੋਜ਼ਗਾਰ ਮੇਲਾ : ਚੰਨੀ

02/23/2018 4:54:58 PM

ਪਟਿਆਲਾ (ਜੋਸਨ) — ਸੂਬੇ 'ਚ ਬੀਤੇ ਸਾਲ ਲਗਾਏ ਗਏ ਰੋਜ਼ਗਾਰ ਮੇਲੇ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਸਾਲ ਪੂਰੇ ਪੰਜਾਬ 'ਚ 50 ਸੰਸਥਾਨਾਂ 'ਚ 200 ਦਿਨਾਂ ਤਕ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਣਜੀਤ ਸਿੰਘ ਚੰਨੀ ਨੇ ਉਕਤ ਸੰਦੇਸ਼ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਨਾਂ ਦਿੱਤਾ ਹੈ। ਉਦਯੋਗਿਕ ਸਿਖਲਾਈ ਸੰਸਥਾਨ ਪਟਿਆਲਾ 'ਚ ਆਯੋਜਿਤ ਕੀਤੇ ਜਾ ਰਹੇ ਦੋ ਦਿਨੀਂ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਆਏ ਕੈਬਨਿਟ ਮੰਤਰੀ ਚੰਨੀ ਨੇ ਦੱਸਿਆ ਕਿ ਮੰਨੀਆਂ-ਪ੍ਰਮੰਨੀਆਂ ਬਹੁ ਰਾਸ਼ਟਰੀ ਕੰਪਨੀਆਂ ਸਮੇਤ ਕਈ ਦੇਸ਼ੀ-ਵਿਦੇਸ਼ੀ ਕੰਪਨੀਆਂ ਨੇ ਇਸ ਰੋਜ਼ਗਾਰ ਮੇਲੇ ਦੌਰਾਨ ਸੂਬੇ 'ਚ 45 ਹਜ਼ਾਰ ਨੌਕਰੀਆਂ ਦੀ ਜ਼ਰੂਰਤ ਜਤਾਈ ਹੈ।
70 ਹਜ਼ਾਰ ਨੌਜਵਾਨਾਂ ਨੇ ਕਰਵਾਇਆ ਰਜਿਸਟ੍ਰੇਸ਼ਨ 
ਉਦਯੋਗਿਕ ਇਕਾਈਆਂ ਵਲੋਂ ਤਕਨੀਕੀ ਤੇ ਗੈਰ ਤਕਨੀਕੀ ਟ੍ਰੇਡ 'ਚ ਰੱਖੀ ਗਈ ਇਸ ਮੰਗ ਲਈ ਇਸ ਵਾਰ 70 ਹਜ਼ਾਰ ਨੌਜਵਾਨਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਜਦਕਿ ਪਿਛਲੇ ਸਾਲ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਚਾਰ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ 'ਚ ਹਿੱਸਾ ਲੈਣ ਦਾ ਸੁਨਹਿਰਾ ਮੌਕਾ ਸੂਬਾ ਸਰਕਾਰ ਵਲੋਂ ਦਿੱਤਾ ਗਿਆ ਹੈ। ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਦੱਸਿਆ ਕਿ ਅੱਜ ਪਟਿਆਲਾ ਆਈ. ਟੀ. ਆਈ. 'ਚ ਚਲ ਰਹੇ ਰੋਜ਼ਗਾਰ ਮੇਲੇ 'ਚ ਐੱਲ. ਐਂਡ. ਟੀ. ਮਾਰੂਤੀ, ਮਹਿੰਦਰਾ, ਗੋਦਰੇਜ, ਸਵਰਾਜ ਇੰਜਨ, ਜੀ. ਐੱਮ. ਅਲਾਇ ਜਿਹੀਆਂ ਕੰਪਨੀਆਂ ਨੇ 1500 ਨੌਜਵਾਨਾਂ ਦੀ ਭਰਤੀ ਦਾ ਟੀਚਾ ਰੱਖਿਆ ਹੈ।
ਚੰਨੀ ਨੇ ਕਿਹਾ ਕਿ ਸੂਬੇ ਭਰ 'ਚ ਆਈ. ਟੀ. ਆਈ. ਤੋਂ ਇਲਾਵਾ ਇੰਜੀਨੀਅਰਿੰਗ ਕਾਲਜਾਂ ਤੇ ਯੂਨੀਵਰਸਿਟੀ 'ਚ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੌਜਵਾਨਾਂ ਦੀ ਕਿਸੇ ਕਾਰਨ ਇਨ੍ਹਾਂ ਮੇਲਿਆਂ 'ਚ ਪਲੇਸਮੈਂਟ ਨਹੀਂ ਹੋ ਪਾਉਂਦੀ ਹੈ, ਉਨ੍ਹਾਂ ਨੂੰ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ, ਅਜਿਹੇ ਨੌਜਵਾਨਾਂ ਨੂੰ ਸਕਿਲ ਡਿਵੇਲਪਮੇਂਟ ਮਿਸ਼ਨ ਤਹਿਤ ਸਿਖਲਾਈ ਦਾ ਮੌਕਾ ਦਿੱਤਾ ਜਾਵੇਗਾ ਤੇ ਰੋਜ਼ਗਾਰ ਮੇਲਿਆਂ ਦੀ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ 'ਚ ਫਿਰ ਤੋਂ ਮੌਕਾ ਦਿੱਤਾ ਜਾਵੇਗਾ। 23 ਫਰਵਰੀ ਨੂੰ ਵੀ ਹਾਸਪੇਟੀਲਿਟੀ ਸੈਕਟਰ ਲਈ ਇਕ ਖਾਸ ਮੇਲਾ ਰਿਆਇਤ ਬਾਹਰਾ ਸੰਸਥਾਨ 'ਚ ਲਗਾਇਆ ਜਾ ਰਿਹਾ ਹੈ, ਜਿਥੇ ਹੋਟਲ ਇੰਡਸਟਰੀ ਦੀਆਂ ਕਈ ਕੰਪਨੀਆਂ ਪਲੇਸਮੇਂਟ ਦੇ ਲਈ ਆ ਰਹੀਆਂ ਹਨ।   


Related News