ਟੈਕਨੀਕਲ ਤੇ ਮਕੈਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਮੀਟਿੰਗ ਦਾ ਬਾਈਕਾਟ

01/16/2018 2:15:07 AM

ਗਿੱਦੜਬਾਹਾ,   (ਕੁਲਭੂਸ਼ਨ)-  ਟੈਕਨੀਕਲ ਅਤੇ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਗਿੱਦੜਬਾਹਾ ਦਾ ਵਫ਼ਦ ਬ੍ਰਾਂਚ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ 'ਚ ਉਪ ਮੰਡਲ ਇੰਜੀਨੀਅਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਗੱਲਬਾਤ ਲਈ ਦਿੱਤੇ ਸੱਦੇ ਅਨੁਸਾਰ ਮੀਟਿੰਗ ਲਈ ਮਿਲਣ ਪੁੱਜਾ, ਜਿਸ 'ਚ ਉਪ ਮੰਡਲ ਇੰਜੀਨੀਅਰ ਵੱਲੋਂ ਜਥੇਬੰਦੀ ਦੇ ਮੁਲਾਜ਼ਮ ਆਗੂਆਂ ਨਾਲ ਬੁਰਾ ਵਰਤਾਓ ਕੀਤਾ ਗਿਆ। ਇਸ ਕਰ ਕੇ ਜਥੇਬੰਦੀ ਨੇ ਸਥਿਤੀ ਨੂੰ ਦੇਖਦਿਆਂ ਮੀਟਿੰਗ ਦਾ ਬਾਈਕਾਟ ਕਰ ਕੇ ਅਗਲੇ ਪ੍ਰੋਗਰਾਮ ਅਨੁਸਾਰ ਧਰਨੇ ਦੀ ਚਿਤਾਵਨੀ ਦਿੱਤੀ ਅਤੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਾਂਚ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਮੀਟਿੰਗ ਕਰ ਕੇ ਫੈਸਲਾ ਲਿਆ ਗਿਆ ਹੈ ਕਿ ਉਕਤ ਉਪ ਮੰਡਲ ਇੰਜੀਨੀਅਰ ਤੋਂ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਹੱਲ ਕਰਵਾਉਣ ਲਈ ਦਿੱਤੇ ਪ੍ਰੋਗਰਾਮ ਮੁਤਾਬਕ 16 ਜਨਵਰੀ ਨੂੰ ਦਫ਼ਤਰ ਦੇ ਬਾਹਰ 12:00 ਤੋਂ 3:00 ਵਜੇ ਤੱਕ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਮੁਲਾਜ਼ਮ ਸਰਵਿਸ ਕਰਨ ਉਪਰੰਤ ਸੇਵਾ ਮੁਕਤ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਮਸਟਰੋਲ 'ਚ ਐਂਟਰੀ ਜਾਣ-ਬੁੱਝ ਕੇ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਮੁਲਾਜ਼ਮ ਸਰਕਾਰ ਵੱਲੋਂ ਦਿੱਤੇ ਜਾਂਦੇ ਲਾਭ ਤੋਂ 
ਵਾਂਝੇ ਹਨ।
ਮੁਲਾਜ਼ਮਾਂ ਦੇ ਸਾਲਾਨਾ ਸਿਫਾਰਿਸ਼ੀ ਰੋਲ ਪਿਛਲੇ ਸਾਲ ਤੋਂ ਅਧੂਰੇ ਪਏ ਹਨ। ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ, ਵਾਟਰ ਵਰਕਸਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਕਿਸੇ ਵੀ ਵਾਟਰ ਵਰਕਸ 'ਚ ਲੋੜੀਂਦਾ ਸਾਮਾਨ ਨਹੀਂ ਹੈ। ਇਸ ਸਮੇਂ ਰਾਮ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਕੁਲਦੀਪ ਚੰਦ, ਗੁਰਚਰਨ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ ਜਟਾਣਾ, ਹਰਬੰਸ ਲਾਲ ਸ਼ਰਮਾ, ਮੋਤੀ ਰਾਮ, ਸੀਤਾ ਸਿੰਘ, ਛਿੰਦਰ ਸਿੰਘ ਆਦਿ ਮੌਜੂਦ ਸਨ। 


Related News