''ਸਿੱਖਿਆ ਮਹਿਕਮੇ ਨੇ ਚੁੱਪ-ਚੁਪੀਤੇ ਖਾਸ ਲੋਕਾਂ ਦੀਆਂ ਕੀਤੀਆਂ ਬਦਲੀਆਂ''

Saturday, Jul 21, 2018 - 11:05 AM (IST)

''ਸਿੱਖਿਆ ਮਹਿਕਮੇ ਨੇ ਚੁੱਪ-ਚੁਪੀਤੇ ਖਾਸ ਲੋਕਾਂ ਦੀਆਂ ਕੀਤੀਆਂ ਬਦਲੀਆਂ''

ਮੋਹਾਲੀ (ਨਿਆਮੀਆਂ) : ਸਾਂਝੇ ਅਧਿਆਪਕ ਮੋਰਚੇ ਦੇ ਕਨਵੀਨਰਾਂ ਨੇ ਕਿਹਾ ਹੈਕਿ ਪੰਜਾਬ ਸਰਕਾਰ ਵਲੋਂ ਬਦਲੀਆਂ ਲਈ ਅਰਜ਼ੀਆਂ ਮੰਗਣ 'ਤੇ ਬਦਲੀਆਂ ਦੀ ਨੀਤੀ ਬਣਾਏ ਬਗੈਰ ਜੋ ਬਦਲੀਆਂ ਕੀਤੀਆਂ ਗਈਆਂ ਹਨ, ਉਹ ਨੰਗੀ ਚਿੱਟੀ ਬੁਰਛਾਗਰਦੀ ਤੇ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੈ।
ਆਗੂਆਂ ਨੇ ਕਿਹਾ ਕਿ ਜਿੱਥੇ ਆਮ ਅਧਿਆਪਕ ਵਿਚਾਰੇ ਸਰਕਾਰ ਵਲੋਂ ਬਦਲੀਆਂ ਮੰਗਣ ਦੀ ਉਡੀਕ ਕਰ ਰਹੇ ਸਨ, ਉੱਥੇ ਹੀ ਸਰਕਾਰ ਦੇ ਸਿੱਖਿਆ ਮਹਿਕਮੇ ਵਲੋਂ ਚੁੱਪ-ਚੁਪੀਤੇ ਹੀ ਆਪਣੇ ਖਾਸ ਲੋਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਆਗੂਆਂ ਨੇ ਘੋਰ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਮੰਤਰੀ ਬਦਲੀਆਂ 'ਚ ਰਿਸ਼ਵਤ ਦੀ ਸੂਹ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦੀ ਗੱਲ ਕਰਦੇ ਸਨ ਪਰ ਹੁਣ ਮੰਤਰੀ ਦੀ ਕੀ ਮਜ਼ਬੂਰੀ ਹੋ ਗਈ ਕਿ ਭ੍ਰਿਸ਼ਟਾਚਾਰ ਦੀ ਬੋ ਆਉਣ ਵਾਲੇ ਫੈਸਲੇ ਉਨ੍ਹਾਂ ਦਾ ਮਹਿਕਮਾ ਲੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਬਦਲੀਆਂ 'ਚ ਸ਼ੁਰੂ ਕੀਤੀ ਗਈ ਸਿਆਸੀ ਦਖਲ-ਅੰਦਾਜ਼ੀ ਨੇ ਇਸ ਸਰਕਾਰ ਦੌਰਾਨ ਨਵੇਂ ਮੁਕਾਮ ਹਾਸਲ ਕਰ ਲਏ ਹਨ ਕਿਉਂਕਿ ਸਿਆਸੀ ਲੋਕਾਂ ਦੀ ਜੀ ਹਜ਼ੂਰੀ ਕਰਨਾ ਹੀ ਬਦਲੀਆਂ ਲਈ ਸਭ ਤੋਂ ਘਟੀਆ ਤੇ ਲੋੜੀਂਦੀ ਸ਼ਰਤ ਬਣਾ ਦਿੱਤੀ ਗਈ ਹੈ, ਜਿਸ ਨੂੰ ਸਾਂਝ ਅਧਿਆਪਕ ਮੋਰਚਾ ਕਰੜੇ ਹੱਥੀਂ ਲਏਗਾ ਤੇ 23 ਜੁਲਾਈ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ 'ਚ ਇਸ ਭ੍ਰਿਸ਼ਟਾਚਾਰ ਨੂੰ ਜੋਰ-ਸ਼ੋਰ ਨਾਲ ਚੁੱਕੇਗਾ। 
 


Related News