ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

04/25/2018 1:04:44 AM

ਮੋਗਾ,   (ਪਵਨ ਗਰੋਵਰ, ਗੋਪੀ ਰਾਊਕੇ)-  ਪ੍ਰਾਈਵੇਟ ਏਡਿਡ ਕਾਲਜਾਂ 'ਚ ਤਿੰਨ ਸਾਲਾਂ ਤੋਂ ਠੇਕੇ ਦੇ ਆਧਾਰ 'ਤੇ ਸੇਵਾ ਨਿਭਾਅ ਰਹੇ 1925 ਅਧਿਆਪਕਾਂ ਦੇ ਸੰਗਠਨ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਅੱਜ ਮੋਗਾ ਜ਼ਿਲੇ ਦੇ ਏਡਿਡ ਕਾਲਜਾਂ ਨਾਲ ਸਬੰਧਿਤ ਸਹਾਇਕ ਪ੍ਰੋਫੈਸਰਾਂ ਵੱਲੋਂ ਰੋਸ ਧਰਨਾ ਲਾ ਕੇ ਮੁੱਖ ਮੰਤਰੀ ਦੇ ਨਾਂ ਡੀ. ਸੀ. ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਡਾ. ਆਸ਼ਿਮਾ ਭੰਡਾਰੀ, ਡਾ. ਰਜਨੀ ਉਪਲ, ਪ੍ਰੋ. ਅਜਮੇਰ ਸਿੰਘ, ਪ੍ਰੋ. ਦੀਪਕ ਚੁੱਘ, ਪ੍ਰੋ. ਹਰਦੀਪ, ਪ੍ਰੋ. ਜਗਦੀਪ, ਪ੍ਰੋ. ਨੀਲਮ, ਪ੍ਰੋ. ਦਵਿੰਦਰ, ਪ੍ਰੋ. ਕਾਮਿਨੀ, ਪ੍ਰੋ. ਇੰਦਰਪਾਲ, ਪ੍ਰੋ. ਹਰਜਿੰਦਰ ਸਿੰਘ ਆਦਿ ਨੇ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। 
ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ 'ਤੇ ਪੰਜਾਬ ਸਰਕਾਰ ਨੇ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੀਤੀ ਸੀ ਪਰ ਭਰਤੀ ਰੈਗੂਲਰ ਕਰਨ ਦੀ ਬਜਾਏ ਤਿੰਨ ਸਾਲ ਦੇ ਠੇਕੇ 'ਤੇ ਕੀਤੀ ਗਈ। ਅਗਲੇ ਮਹੀਨੇ ਪਹਿਲੀ ਭਰਤੀ ਪ੍ਰਕਿਰਿਆ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਰੈਗੂਲਰ ਕਰਨ ਦੀ ਕੋਈ ਨੀਤੀ ਨਹੀਂ ਬਣਾਈ ਗਈ, ਇਸ ਲਈ ਉਹ ਪਹਿਲਾਂ ਜ਼ਿਲਾ ਪੱਧਰ 'ਤੇ ਫਿਰ ਚੰਡੀਗੜ੍ਹ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨਗੇ।


Related News