ਪੰਜਾਬ ਕਿੰਗਜ਼ ਲਈ Good Luck ਲਿਆਵੇਗਾ ਇਹ 17 ਸਾਲਾਂ ਦਾ ਮੁੰਡਾ! RCB ਨਾਲ ਮੁਕਾਬਲੇ ਤੋਂ ਪਹਿਲਾਂ...
Wednesday, May 06, 2026 - 12:20 PM (IST)
ਖੰਨਾ (ਬਿਪਨ): ਪੰਜਾਬ ਕਿੰਗਜ਼ ਦੇ ਇਕ ਅਜਿਹੇ ਪ੍ਰਸ਼ੰਸਕ ਦੀ ਚਰਚਾ ਹਰ ਪਾਸੇ ਹੋ ਰਹੀ ਹੈ, ਜਿਸ ਨੇ ਆਪਣੀ ਟੀਮ ਪ੍ਰਤੀ ਜਜ਼ਬੇ ਦੀ ਅਨੋਖੀ ਮਿਸਾਲ ਪੈਦਾ ਕੀਤੀ ਹੈ। ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਰਾਜੇਵਾਲ ਦਾ 17 ਸਾਲਾ ਨੌਜਵਾਨ ਅਮਰਿੰਦਰ ਸਿੰਘ, ਖੰਨਾ ਤੋਂ ਮੁਹਾਲੀ ਤੱਕ ਕਰੀਬ 80 ਕਿਲੋਮੀਟਰ ਦੀ ਦੌੜ ਲਗਾ ਕੇ ਪੰਜਾਬ ਕਿੰਗਜ਼ ਦਾ ਆਈ.ਪੀ.ਐੱਲ. (IPL) ਮੈਚ ਦੇਖਣ ਪਹੁੰਚਿਆ।
ਪ੍ਰਿਟੀ ਜ਼ਿੰਟਾ ਅਤੇ ਸਿਤਾਰਿਆਂ ਨਾਲ ਮੁਲਾਕਾਤ
ਅਮਰਿੰਦਰ ਸਿੰਘ ਦੀ ਇਸ ਹਿੰਮਤ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਖਿੱਚਿਆ। ਖਾਸ ਗੱਲ ਇਹ ਰਹੀ ਕਿ ਉਸ ਕੋਲ ਮੈਚ ਦੀ ਟਿਕਟ ਵੀ ਨਹੀਂ ਸੀ, ਪਰ ਸੋਸ਼ਲ ਮੀਡੀਆ 'ਤੇ ਉਸ ਦੀ ਵੀਡੀਓ ਦੇਖਣ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਉਸ ਨੂੰ ਸਟੇਡੀਅਮ ਵਿਚ ਐਂਟਰੀ ਦਿੱਤੀ। ਪੰਜਾਬ ਕਿੰਗਜ਼ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਖੁਦ ਉਸ ਨਾਲ ਮੁਲਾਕਾਤ ਕੀਤੀ, ਉਸ ਨੂੰ ਪੰਜਾਬ ਕਿੰਗਜ਼ ਦੀ ਟੀ-ਸ਼ਰਟ ਦਿੱਤੀ ਅਤੇ ਉਸ ਦੇ ਨਾਲ ਬੈਠ ਕੇ ਮੈਚ ਦੇਖਿਆ। ਇਸ ਦੇ ਨਾਲ ਹੀ ਪੰਜਾਬੀ ਸਿਤਾਰੇ ਗੁਰਦਾਸ ਮਾਨ, ਐਮੀ ਵਿਰਕ ਅਤੇ ਸੁਨੰਦਾ ਸ਼ਰਮਾ ਨੇ ਵੀ ਅਮਰਿੰਦਰ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਸ ਦੀ ਪੱਗ (ਦਸਤਾਰ) ਦੀ ਤਾਰੀਫ ਕਰਦਿਆਂ ਉਸ ਨੂੰ ਸਿੱਖੀ ਨੂੰ ਪ੍ਰਮੋਟ ਕਰਨ ਲਈ ਪ੍ਰੇਰਿਤ ਕੀਤਾ।
ਲੰਮੀ ਦੌੜ ਦਾ ਹੈ ਸ਼ੌਕ
ਅਮਰਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਦੌੜਨ ਦਾ ਸ਼ੌਕ ਹੈ ਅਤੇ ਉਹ ਹਰ 15 ਕਿਲੋਮੀਟਰ ਬਾਅਦ ਸਿਰਫ 5 ਮਿੰਟ ਦਾ ਆਰਾਮ ਕਰਕੇ 80 ਕਿਲੋਮੀਟਰ ਦਾ ਸਫਰ ਤੈਅ ਕਰਕੇ ਮੁਹਾਲੀ ਪਹੁੰਚਿਆ ਸੀ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ, ਜਿਸ ਨਾਲ ਉਸ ਦਾ ਹੌਂਸਲਾ ਹੋਰ ਵਧ ਗਿਆ ਹੈ।
RCB ਨਾਲ ਮੈਚ ਲਈ ਲਾਵੇਗਾ 40 ਕਿੱਲੋਮੀਟਰ ਦੀ ਦੌੜ
ਆਉਣ ਵਾਲੇ ਮੈਚਾਂ ਲਈ ਆਪਣੀ ਟੀਮ ਨੂੰ ਸਪੋਰਟ ਕਰਨ ਦਾ ਸਿਲਸਿਲਾ ਜਾਰੀ ਰੱਖਦਿਆਂ, ਅਮਰਿੰਦਰ ਨੇ ਐਲਾਨ ਕੀਤਾ ਹੈ ਕਿ ਉਹ 17 ਮਈ ਨੂੰ ਧਰਮਸ਼ਾਲਾ ਵਿਖੇ ਹੋਣ ਵਾਲੇ ਮੈਚ ਲਈ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਕਰੀਬ 40 ਕਿਲੋਮੀਟਰ ਦੌੜ ਕੇ ਜਾਵੇਗਾ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਮਰਿੰਦਰ ਸਿੰਘ ਵਰਗੇ ਸੱਚੇ ਫੈਨ ਦਾ ਇਹ ਜਜ਼ਬਾ ਆਉਣ ਵਾਲੇ ਮੈਚਾਂ ਵਿਚ ਪੰਜਾਬ ਕਿੰਗਜ਼ ਲਈ ਜ਼ਰੂਰ 'ਗੁੱਡ ਲੱਕ' ਸਾਬਤ ਹੋਵੇਗਾ। ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਪੰਜਾਬ ਕਿੰਗਜ਼ ਦਾ ਮੁਕਾਬਲੇ 'ਤੇ ਸਾਰੇ ਫੈਨਜ਼ ਦੀਆਂ ਹੀ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਪਿਛਲੇ ਸਾਲ ਫ਼ਾਈਨਲ ਮੁਕਾਬਲੇ ਵਿਚ ਬੈਂਗਲੁਰੂ ਤੋਂ ਮਿਲੀ ਹਾਰ ਕਾਰਨ ਹੀ ਪੰਜਾਬ ਦਾ ਟਰਾਫ਼ੀ ਜਿੱਤਣ ਦਾ ਸੁਫ਼ਨਾ ਪੂਰਾ ਨਹੀਂ ਸੀ ਹੋ ਸਕਿਆ।
