ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਨੇ ਤਨਖਾਹ ਦੀ ਕਟੌਤੀ ਦੇ ਵਿਰੋਧ ''ਚ ਸਰਕਾਰ ਦੀ ਫੂਕੀ ਅਰਥੀ

Tuesday, Mar 06, 2018 - 03:00 AM (IST)

ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਨੇ ਤਨਖਾਹ ਦੀ ਕਟੌਤੀ ਦੇ ਵਿਰੋਧ ''ਚ ਸਰਕਾਰ ਦੀ ਫੂਕੀ ਅਰਥੀ

ਧਰਮਕੋਟ, (ਸਤੀਸ਼)- ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਮੋਗਾ ਵੱਲੋਂ, ਜ਼ਿਲਾ ਜਨਰਲ ਸਕੱਤਰ ਗੁਰਪ੍ਰੀਤ ਅਮੀਵਾਲਾ, ਪ੍ਰੈੱਸ ਸਕੱਤਰ ਨਵਦੀਪ ਬਾਜਵਾ ਅਤੇ ਜੱਜਪਾਲ ਬਾਜੇ ਕੇ ਦੀ ਅਗਵਾਈ ਹੇਠ ਐੱਸ. ਐੱਸ. ਏ./ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ ਅਟੈਂਡਟਾਂ ਦੀਆਂ ਨੌਕਰੀਆਂ ਸਿੱਖਿਆ ਵਿਭਾਗ 'ਚ ਰੈਗੂਲਰ ਕਰਵਾਉਣ ਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ 'ਚ ਚਾਰ ਗੁਣਾ ਕਟੌਤੀ ਦੇ ਵਿਰੋਧ 'ਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਮੌਕੇ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਠੇਕਾ ਆਧਾਰਿਤ ਅਧਿਆਪਕਾਂ ਨੂੰ ਰੈਗੂਲਰ ਕਰਨ ਤੇ ਉਨ੍ਹਾਂ 'ਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਏ ਗਏ ਝੂਠੇ ਪਰਚੇ ਰੱਦ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਮੰਨਣਾ ਤਾਂ ਦੂਰ ਦੀ ਗੱਲ, ਸਗੋਂ ਇਨ੍ਹਾਂ ਦੀਆਂ ਤਨਖਾਹਾਂ 'ਚ ਚਾਰ ਗੁਣਾ ਕਟੌਤੀ ਕੀਤੀ ਜਾ ਰਹੀ ਹੈ, ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 
ਆਗੂਆਂ ਨੇ ਕਿਹਾ ਕਿ ਮਹਿਕਮੇ ਦੇ ਨਿਯਮਾਂ ਅਨੁਸਾਰ ਹੋਈ ਭਰਤੀ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ, ਜਦਕਿ ਐੱਸ. ਐੱਸ. ਏ./ਰਮਸਾ ਅਧਿਆਪਕਾਂ ਦੀ ਪ੍ਰਾਪਰ ਚੈਨਲ ਹੋਈ ਭਰਤੀ ਨੂੰ ਰੈਗੂਲਰ ਕਰਨ 'ਚ ਕੋਈ ਵੀ ਕਾਨੂੰਨੀ ਰੁਕਾਵਟ ਨਹੀਂ ਹੈ। ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 10 ਮਾਰਚ ਨੂੰ ਪਟਿਆਲੇ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। 
ਇਸ ਸਮੇਂ ਗੁਰਵਿੰਦਰ ਮਹਿਲ, ਗੁਰਮੀਤ ਬਹਿਲ, ਮਨਦੀਪ ਸ਼ਰਮਾ, ਮੈਡਮ ਸੋਨੀਆ, ਸਿਮਰਨਜੀਤ ਕੌਰ, ਰਮਨਦੀਪ ਕੌਰ, ਸ਼ਿਵਾਲੀ, ਨੀਤੂ ਤੋਂ ਇਲਾਵਾ ਅਤੇ ਭਰਾਤਰੀ ਜਥੇਬੰਦੀ ਈ. ਟੀ. ਟੀ. ਯੂਨੀਅਨ ਤੋਂ ਜਸਵਿੰਦਰ ਸਿੰਘ ਸਿੱਧੂ, ਰਣਜੀਤ ਸਿੰਘ, ਬੀ. ਐੱਡ. ਫਰੰਟ ਤੋਂ ਪ੍ਰਗਟਜੀਤ ਕਿਸ਼ਨਪੁਰਾ, ਯੋਗੇਸ਼ ਠਾਕੁਰ, ਸਿੱਖਿਆ ਪ੍ਰੋਵਾਈਡਰ ਯੂਨੀਅਨ ਤੋਂ ਜਗਪ੍ਰੀਤ ਕੈਲਾ ਈ. ਟੀ. ਯੂ. ਯੂਨੀਅਨ ਤੋਂ ਸੋਹਣ ਸਿੰਘ, ਬਲਜੀਤ ਸਿੰਘ, ਹਰਜਿੰਦਰ ਸਿੰਘ ਪੁਰਾਣੇਵਾਲਾ ਆਦਿ ਅਧਿਆਪਕ ਮੌਜੂਦ ਸਨ। 
ਇਹ ਹਨ ਯੂਨੀਅਨ ਦੀਆਂ ਮੰਗਾਂ
r ਸਮੂਹ ਐੱਸ. ਐੱਸ. ਏ./ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ-ਅਟੈਂਡਟਾਂ ਨੂੰ ਬਿਨਾਂ ਕਿਸੇ ਸ਼ਰਤ ਸਿੱਖਿਆ ਵਿਭਾਗ ਵਿਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ।
rਸੰਘਰਸ਼ਾਂ ਦੌਰਾਨ ਜਥੇਬੰਦੀ 'ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ।
rਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ।
rਰਮਸਾ ਅਧਿਆਪਕਾਂ ਦਾ ਸਾਲ 2015-16 ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।


Related News