ਅਧਿਆਪਕਾਂ ਦੀ ਮਿਹਨਤ ਨਾਲ ਮਾਡਲ ਸਕੂਲ ਬਣਿਆ ਬੁੱਟਰ ਖੁਰਦ ਦਾ ਪ੍ਰਾਇਮਰੀ ਸਕੂਲ
Thursday, Oct 26, 2017 - 07:53 AM (IST)
ਬੁੱਟਰ ਖੁਰਦ (ਮੋਗਾ) (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ ਸੂਬੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਵਿਦਿਆਰਥੀਆਂ ਤੇ ਮਾਪਿਆਂ ਦਾ 'ਮੋਹ' ਭੰਗ ਹੋਣ ਕਰ ਕੇ ਉਹ ਆਪਣੇ ਬੱਚਿਆਂ ਨੂੰ ਪਹਿਲੀ ਜਮਾਤ 'ਚ ਸਰਕਾਰੀ ਸਕੂਲਾਂ ਦੀ ਬਜਾਏ ਨਰਸਰੀ ਤੋਂ ਮਾਡਲ ਸਕੂਲਾਂ 'ਚ ਪੜ੍ਹਾਈ ਕਰਵਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੋਗਾ ਜ਼ਿਲੇ ਦੇ ਪਿੰਡ ਬੁੱਟਰ ਖੁਰਦ 'ਚ ਇਕ ਅਜਿਹਾ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ, ਜਿੱਥੋਂ ਦੇ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਇਹ ਸਕੂਲ ਮਾਡਲ ਸਕੂਲਾਂ ਨੂੰ ਵੀ ਪਿੱਛੇ ਛੱਡਣ ਲੱਗਾ ਹੈ। ਅਸਲੀਅਤ ਇਹ ਹੈ ਕਿ ਚਾਲੂ ਵਿਦਿਅਕ ਸੈਸ਼ਨ ਦੌਰਾਨ ਸਕੂਲ ਅਧਿਆਪਕਾਂ ਦੀ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਨੇੜਲੇ ਦੋ ਪਿੰਡਾਂ ਦੇ ਵਿਦਿਆਰਥੀਆਂ ਨੇ ਮਾਡਲ ਸਕੂਲਾਂ ਨੂੰ ਛੱਡ ਕੇ ਇਸ ਪ੍ਰਾਇਮਰੀ ਸਕੂਲ ਨੂੰ ਚੁਣਿਆ ਹੈ।
'ਜਗ ਬਾਣੀ' ਵੱਲੋਂ ਅੱਜ ਜਦੋਂ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਸਕੂਲ 'ਚ ਅਧਿਆਪਕਾਂ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲਾਏ ਗਏ ਵੱਖ-ਵੱਖ 400 ਬੂਟੇ, ਜਿੱਥੇ ਹਰਿਆਲੀ ਦਾ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ, ਉੱਥੇ ਹੀ ਸਕੂਲ ਕੈਂਪਸ ਅੰਦਰ ਲੱਗੀਆਂ ਇੰਟਰਲਾਕ ਟਾਈਲਾਂ ਅਤੇ ਸਾਫ-ਸਫਾਈ ਦੇ ਹੋਰ ਪ੍ਰਬੰਧ ਸਕੂਲ ਦੀ ਦਿੱਖ ਪ੍ਰਤੀ ਹਰ ਇਕ ਨੂੰ ਖਿੱਚ ਰਹੇ ਸਨ। ਸਕੂਲ ਕੈਂਪਸ 'ਚ ਦਾਖਲ ਹੋਣ ਵੇਲੇ ਲਿਖੀਆਂ ਸੋਹਣੀਆਂ ਇਬਾਦਤਾਂ ਨੰਨ੍ਹੇ ਬੱਚਿਆਂ ਤੋਂ ਲੈ ਕੇ ਹਰ ਆਉਣ-ਜਾਣ ਵਾਲੇ ਵਿਅਕਤੀ ਨੂੰ ਚੰਗੀ ਪੜ੍ਹਾਈ ਕਰਨ ਅਤੇ ਗੁਣਾਤਮਕ ਗੁਣਾਂ ਦੇ ਧਾਰਨੀ ਬਣਨ ਪ੍ਰਤੀ ਉਤਸ਼ਾਹਿਤ ਕਰ ਰਹੀਆਂ ਸਨ।
ਸਕੂਲ ਅਧਿਆਪਕ ਅਤੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਮਨਮੀਤ ਸਿੰਘ ਅਤੇ ਲਖਵੀਰ ਸਿੰਘ ਡਾਲਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸਕੂਲ 'ਚ ਪਿੰਡ ਛੋਟਾ ਹੋਣ ਕਰ ਕੇ 2015 ਵਿਚ ਵਿਦਿਆਰਥੀਆਂ ਦੀ ਗਿਣਤੀ ਸਿਰਫ 18 ਤੋਂ 20 ਸੀ, ਜਦਕਿ ਹੁਣ 2 ਸਾਲਾਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ 'ਚ ਘਰ ਬਹੁਤ ਘੱਟ ਹੋਣ ਕਰ ਕੇ ਸਿਰਫ 7-8 ਬੱਚੇ ਹੀ ਇਸ ਪਿੰਡ ਦੇ ਹਨ, ਜਦਕਿ ਦੂਜੇ ਬੱਚੇ ਨੇੜਲੇ ਪਿੰਡ ਬੁੱਟਰ ਕਲਾਂ ਤੋਂ ਆ ਰਹੇ ਹਨ।
ਉਨ੍ਹਾਂ ਕਿਹਾ ਕਿ 'ਪੜ੍ਹੋਂ ਪੰਜਾਬ ਪ੍ਰਾਜੈਕਟ' ਤਹਿਤ ਸਕੂਲ ਦਾ ਨਤੀਜਾ 80 ਫੀਸਦੀ ਰਿਹਾ ਹੈ ਅਤੇ ਭਵਿੱਖ ਵਿਚ ਇਸ ਨੂੰ ਹੋਰ ਅੱਗੇ ਵਧਾਉਣ ਦਾ ਟੀਚਾ ਹੈ। ਪ੍ਰਵਾਸੀ ਭਾਰਤੀ ਸਤਨਾਮ ਸਿੰਘ ਅਤੇ ਹੋਰਨਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਵਰਦੀਆਂ ਅਤੇ ਬੂਟਾਂ ਆਦਿ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।
