ਅਮਲੋਹ ਦੇ ਸਰਕਾਰੀ ਸਕੂਲ ''ਚ ਪਿਆ ਭੜਥੂ, ਅਧਿਆਪਕਾ ਨਿਕਲੀ ''ਕੋਰੋਨਾ'' ਪਾਜ਼ੇਟਿਵ
Saturday, Oct 24, 2020 - 10:27 AM (IST)
ਅਮਲੋਹ (ਜਗਦੇਵ) : ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਦੀ ਇਕ ਅਧਿਆਪਕਾ ਕੋਰੋਨਾ ਪਾਜ਼ੇਟਿਵ ਪਾਈ ਗਈ, ਜਿਸ ਤੋਂ ਬਾਅਦ ਸਕੂਲ 'ਚ ਭੜਥੂ ਪੈ ਗਿਆ। ਫਿਲਹਾਲ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਅਤੇ ਅਧਿਆਪਕਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਜਿੱਥੇ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ, ਉੱਥੇ ਹੀ ਕੋਰੋਨਾ ਪਾਜ਼ੇਟਿਵ ਆਈ ਅਧਿਆਪਕਾ ਨੂੰ ਸਿਹਤ ਮਹਿਕਮੇ ਵੱਲੋਂ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ।
ਸਿਹਤ ਮਹਿਕਮੇ ਵੱਲੋਂ ਪੀੜਤ ਅਧਿਆਪਕਾ ਦੇ ਸੰਪਰਕ 'ਚ ਆਏ ਦੂਜੇ ਅਧਿਆਪਕਾਂ ਅਤੇ ਬੱਚਿਆ ਦੇ ਟੈਸਟ ਕੀਤੇ ਗਏ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਅਮਲੋਹ ਦੇ ਐਸ. ਐਮ. ਓ. ਲਾਜਿੰਦਰਜੀਤ ਵਰਮਾ ਨੇ ਦੱਸਿਆ ਕਿ ਸਕੂਲ ਖੋਲ੍ਹਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ, ਜਿਸ ਦੌਰਾਨ ਉਕਤ ਅਧਿਆਪਕਾ ਕੋਰੋਨਾ ਪਾਜ਼ੇਟਿਵ ਪਾਈ ਗਈ, ਜਿਸ ਨੂੰ ਘਰ 'ਚ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਾਜ਼ੇਟਿਵ ਅਧਿਆਪਕਾ ਦੇ ਸੰਪਰਕ 'ਚ ਆਏ ਲੋਕਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਖਤਮ ਨਾ ਸਮਝਿਆ ਜਾਵੇ ਅਤੇ ਇਸ ਤੋਂ ਬਚਣ ਲਈ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਮੰਨਣਾ ਚਾਹੀਦਾ ਹੈ।