ਟੀਚਰ ਨੇ ਬੱਚੀ ਦੇ ਥੱਪੜ ਮਾਰ-ਮਾਰ ਮੂੰਹ ਕੀਤਾ ਲਾਲ, ਹਸਪਤਾਲ ਦਾਖਲ, ਮਾਪਿਆਂ ਵੱਲੋਂ ਕਾਰਵਾਈ ਦੀ ਮੰਗ

09/03/2022 4:37:17 AM

ਖੰਨਾ (ਬਿਪਨ) : ਖੰਨਾ ਦੇ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ 'ਚ ਇਕ ਅਧਿਆਪਕਾ ਵੱਲੋਂ ਚੌਥੀ ਜਮਾਤ ਦੀ ਵਿਦਿਆਰਥਣ ਨੂੰ ਬੁਰੇ ਤਰੀਕੇ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਨੇ ਆਪਣੀ ਬੱਚੀ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਬੱਚੀ ਦਾ ਹਾਲ ਜਾਣਨ ਆਈ ਸਕੂਲ ਪ੍ਰਿੰਸੀਪਲ ਨੇ ਆਪਣੀ ਅਧਿਆਪਕਾ ਦਾ ਹੀ ਪੱਖ ਪੂਰਿਆ, ਜਦਕਿ ਅਧਿਆਪਕਾ ਨੇ ਕੈਮਰੇ ਸਾਹਮਣੇ ਵੀ ਬੱਚੀ ਨੂੰ ਕੁੱਟਣ ਦੀ ਗੱਲ ਸਵੀਕਾਰ ਕੀਤੀ ਹੈ।

ਇਹ ਵੀ ਪੜ੍ਹੋ : ...ਜਦੋਂ ਨਾਕਾਬੰਦੀ ਦੌਰਾਨ ਕਾਰ ਚਾਲਕ ਤੋਂ ਮਿਲਿਆ 9 MM ਦਾ ਪਿਸਟਲ, ਜਾਣੋ ਫਿਰ ਕੀ ਹੋਇਆ?

ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਬੱਚੀ ਨੇ ਦੱਸਿਆ ਕਿ ਮੀਨਾ ਨਾਂ ਦੀ ਅਧਿਆਪਕਾ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਕੰਨ ਫੜ ਕੇ ਵਾਲ ਖਿੱਚੇ। ਉਸ ਦੇ ਲਗਾਤਾਰ ਥੱਪੜ ਮਾਰੇ ਗਏ। ਉਸ ਨੂੰ ਕੰਧ 'ਚ ਮਾਰਿਆ ਗਿਆ। ਇਸ ਤੋਂ ਪਹਿਲਾਂ ਵੀ ਇਹ ਅਧਿਆਪਕਾ ਇਸੇ ਤਰ੍ਹਾਂ ਬੱਚਿਆਂ ਦੀ ਕੁੱਟਮਾਰ ਕਰਦੀ ਰਹੀ ਹੈ। ਬੱਚੀ ਦੀ ਮਾਤਾ ਰੀਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਰੋਂਦੇ ਹੋਏ ਘਰ ਆਈ ਤਾਂ ਦੇਖਿਆ ਕਿ ਉਸ ਦੀ ਬੇਟੀ ਦਾ ਮੂੰਹ ਤੇ ਕੰਨ ਲਾਲ ਹੋਏ ਪਏ ਸਨ ਅਤੇ ਮੂੰਹ 'ਤੇ ਵੀ ਨਿਸ਼ਾਨ ਪਏ ਹੋਏ ਸਨ। ਬੱਚੀ ਨੇ ਦੱਸਿਆ ਕਿ ਉਸ ਨੂੰ ਅਧਿਆਪਕਾ ਨੇ ਬੁਰੇ ਤਰੀਕੇ ਨਾਲ ਕੁੱਟਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੰਜਾਬ ਪੁਲਸ ਰਾਹੀਂ ਸਿਰਸਾ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਦਰ ਜਾਣ ਤੋਂ ਰੋਕਿਆ

ਉਥੇ ਹੀ ਹਸਪਤਾਲ ਪੁੱਜੀ ਅਧਿਆਪਕਾ ਮੀਨਾ ਨੇ ਕਿਹਾ ਕਿ ਬੱਚੇ ਕਲਾਸ 'ਚ ਰੌਲਾ ਪਾ ਰਹੇ ਸੀ ਤਾਂ ਉਨ੍ਹਾਂ ਨੇ ਬੱਚੀ ਨੂੰ 2 ਥੱਪੜ ਜ਼ਰੂਰ ਮਾਰੇ ਹਨ ਪਰ ਇੰਨਾ ਨਹੀਂ ਕੁੱਟਿਆ। ਥੱਪੜ ਮਾਰਨ ਮਗਰੋਂ ਉਨ੍ਹਾਂ ਨੇ ਬੱਚੀ ਨੂੰ ਪਿਆਰ ਵੀ ਕੀਤਾ। ਕੰਧ 'ਚ ਮਾਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚੇ ਉਨ੍ਹਾਂ ਦੇ ਆਪਣੇ ਹਨ। ਪ੍ਰਿੰ. ਰਜਨੀ ਵਰਮਾ ਨੇ ਕਿਹਾ ਕਿ ਅਧਿਆਪਕਾ ਨੇ ਕਿਸੇ ਤਰ੍ਹਾਂ ਦੀ ਦੁਸ਼ਮਣੀ 'ਚ ਬੱਚੀ ਨਾਲ ਕੁੱਟਮਾਰ ਨਹੀਂ ਕੀਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News