ਅਧਿਆਪਕਾਂ ਵੱਲੋਂ ਪ੍ਰਦਰਸ਼ਨ
Tuesday, Mar 13, 2018 - 01:55 AM (IST)

ਫ਼ਰੀਦਕੋਟ, (ਹਾਲੀ)- ਸਿੱਖਿਆ ਮੁਲਾਜ਼ਮ ਸਾਂਝਾ ਮੋਰਚਾ ਫ਼ਰੀਦਕੋਟ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ 'ਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕਕਦਿਆਂ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਕੰਪਿਊਟਰ ਅਧਿਆਪਕ, ਐੱਸ. ਐੱਸ. ਏ./ਰਮਸਾ ਅਧੀਨ ਕੰਮ ਕਰਦੇ ਦਫ਼ਤਰੀ ਮੁਲਾਜ਼ਮ ਅਤੇ ਸਹਿਯੋਗੀ ਅਧਿਆਪਕਾ ਸੰਗਠਨ ਸਰਕਾਰੀ ਸਕੂਲ ਅਧਿਆਪਕ ਯੂਨੀਅਨ, ਲੈਕਚਰਾਰ ਯੂਨੀਅਨ, ਡੈਮੋਕਰੇਟਿਕ ਅਧਿਆਪਕ ਫ਼ਰੰਟ ਦੇ ਆਗੂਆਂ ਨੇ ਸੰਬੋਧਨ ਕੀਤਾ।
ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੇਮ ਚਾਵਲਾ, ਗਗਨ ਪਾਹਵਾ, ਜਗਸੀਰ ਸਿੰਘ ਬਰਾੜ, ਕੁਲਦੀਪ ਸਿੰਘ ਚਾਹਲ ਅਤੇ ਭੁਪਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਕੰਪਿਊਟਰ ਅਧਿਆਪਕ, ਜੋ 2005 ਵਿਚ ਠੇਕੇ 'ਤੇ ਭਰਤੀ ਹੋਏ ਸਨ, ਨੇ ਪਹਿਲਾਂ 6 ਸਾਲ ਠੇਕੇ 'ਤੇ ਕੰਮ ਕੀਤਾ ਅਤੇ ਜੁਲਾਈ 2011 ਵਿਚ ਅਕਾਲੀ-ਭਾਜਪਾ ਸਰਕਾਰ ਨੇ ਪਿਕਟਸ ਵਿਚ ਵੋਕੇਸ਼ਨਲ ਮਾਸਟਰ ਗਰੇਡ ਦੇ ਕੇ ਰੈਗੂਲਰ ਕੀਤਾ ਸੀ। ਰਾਜਪਾਲ ਪੰਜਾਬ ਦੀ ਮਨਜ਼ੂਰੀ ਨਾਲ ਕੀਤੇ ਗਏ ਨੋਟੀਫਿਕੇਸ਼ਨ ਵਿਚ ਲਿਖਿਆ ਗਿਆ ਕਿ ਕੰਪਿਊਟਰ ਅਧਿਆਪਕਾਂ 'ਤੇ ਪੰਜਾਬ ਸਿਵਲ ਸੇਵਾਵਾਂ ਦੇ ਨਿਯਮ ਲਾਗੂ ਹੋਣਗੇ। ਹੁਣ 7 ਸਾਲ ਦੀ ਰੈਗੂਲਰ ਸੇਵਾ ਕਰਨ ਉਪਰੰਤ ਮੁੜ ਕੰਪਿਊਟਰ ਅਧਿਆਪਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ 3 ਸਾਲ ਲਈ 10,300 'ਤੇ ਆ ਜਾਓ, ਜੋ ਕਿ ਬਹੁਤ ਹੀ ਹਾਸੋ-ਹੀਣੀ ਗੱਲ ਹੈ। ਇਸੇ ਤਰ੍ਹਾਂ ਹੀ ਐੱਸ. ਐੱਸ. ਏ. ਅਧੀਨ ਠੇਕੇ 'ਤੇ 10 ਸਾਲ ਤੋਂ ਕੰਮ ਕਰ ਰਹੇ ਅਧਿਆਪਕ, ਜੋ 42,000 ਤਨਖਾਹ ਲੈ ਰਹੇ ਹਨ, ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਨਾਂ 'ਤੇ ਜਬਰੀ 3 ਸਾਲ ਲਈ 10,300 ਲੈਣ ਲਈ ਕਿਹਾ ਜਾ ਰਿਹਾ ਹੈ। ਸਰਕਾਰ ਇਹੀ ਨਿਯਮ ਇਨ੍ਹਾਂ ਮੁਲਾਜ਼ਮਾਂ 'ਤੇ ਵੀ ਥੋਪਣ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਮੁਲਾਜ਼ਮ ਮਾਰੂ ਫ਼ੈਸਲੇ ਨਾਲ ਅਧਿਆਪਕ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ। ਲੈਕਚਰਾਰ ਯੂਨੀਅਨ ਆਗੂ ਮੁਖਤਿਆਰ ਮੱਤਾ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂ ਸੁਖਵਿੰਦਰ ਸੁੱਖੀ, ਈ. ਟੀ. ਟੀ. ਯੂਨੀਅਨ ਅੰਮ੍ਰਿਤਪਾਲ ਸਿੰਘ ਸੇਖੋਂ ਅਤੇ ਗੁਰਪ੍ਰੀਤ ਰੁਪਰਾ ਨੇ ਮੰਗ ਕੀਤੀ ਕਿ ਸਰਕਾਰ ਪੂਰੀ ਤਨਖਾਹ ਅਤੇ ਭੱਤਿਆਂ ਨਾਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਸ਼ਾਮਲ ਕਰੇ ਅਤੇ ਯੂਨੀਅਨ ਵੱਲੋਂ 6 ਮਾਰਚ ਨੂੰ ਮੋਹਾਲੀ ਵਿਖੇ ਕੀਤੇ ਗਏ ਰੋਸ ਮਾਰਚ ਦੌਰਾਨ ਅਧਿਆਪਕ ਆਗੂਆਂ 'ਤੇ ਦਰਜ ਕੀਤੇ ਗਏ ਪਰਚੇ ਰੱਦ ਕਰੇ। ਇਸ ਸਮੇਂ ਪੰਕਜ ਸ਼ਰਮਾ, ਪ੍ਰਦੁਮਣ ਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ।
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)-ਸਰਕਾਰੀ ਮਾਡਲ ਸਕੂਲ ਭਾਗਸਰ ਦੀਆਂ ਅਧਿਆਪਕਾਵਾਂ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਅਧਿਆਪਕ ਆਗੂ ਅੰਮ੍ਰਿਤਪਾਲ ਕੌਰ, ਜਸਮੀਤ ਕੌਰ, ਇੰਦਰਜੀਤ ਕੌਰ, ਪਵਨੀਤ ਕੌਰ, ਵਰੁਣ ਕੁਮਾਰ ਆਦਿ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕਰ ਰਹੀ, ਜਿਸ ਕਰ ਕੇ ਅਧਿਆਪਕ ਵਰਗ ਨੂੰ ਸੰਘਰਸ਼ ਦੇ ਰਸਤੇ ਪੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਠੇਕਾ ਭਰਤੀ ਦਾ ਸੰਤਾਪ ਹੰਢਾਅ ਰਹੇ ਹਨ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਵਿਭਾਗ 'ਚ ਰੈਗੂਲਰ ਨਹੀਂ ਕੀਤਾ ਜਾ ਰਿਹਾ, ਜਦਕਿ 8 ਸਾਲ ਬੀਤੇ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਇਨ੍ਹਾਂ ਅਧਿਆਪਕਾਂ ਦੀਆਂ 8 ਸਾਲ ਦੀਆਂ ਵਿਭਾਗੀ ਸੇਵਾਵਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਉਨ੍ਹਾਂ ਅਧਿਆਪਕਾਂ ਨੂੰ 3 ਸਾਲਾਂ ਲਈ ਮੁੱਢਲੀ ਤਨਖਾਹ ਦੇਣ 'ਤੇ ਵਿਚਾਰ ਕਰ ਰਹੀ ਹੈ, ਜੋ ਕਿ ਸਰਾਸਰ ਧੱਕਾ ਹੈ।