ਬਿਜਲੀ ਦੇ ਵਧੇ ਰੇਟਾਂ 'ਤੇ ਤਰੁਣ ਚੁੱਘ ਨੇ ਘੇਰਿਆ ਕੈਪਟਨ, ਦਿੱਤਾ ਵੱਡਾ ਬਿਆਨ (ਵੀਡੀਓ)
Saturday, Jan 11, 2020 - 07:00 PM (IST)
ਜਲੰਧਰ/ਨਵੀਂ ਦਿੱਲੀ— ਪੰਜਾਬ 'ਚ ਬਿਜਲੀ ਦੀਆਂ ਵਧੀਆਂ ਦਰਾਂ ਅਤੇ ਕੰਪਨੀਆਂ ਨਾਲ ਚੱਲ ਰਹੇ ਗੋਲਮਾਲ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਕੈਪਟਨ ਸਰਕਾਰ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਤੇ ਸ਼ਵੇਤ ਪੱਤਰ ਲੈ ਕੇ ਆਉਣ ਅਤੇ ਸੂਬੇ ਦੀ ਜਨਤਾ ਨੂੰ ਦੱਸਣ ਕਿ ਉਨ੍ਹਾਂ ਨੇ ਬਿਜਲੀ ਦੀਆਂ ਦਰਾਂ ਕਿਸੇ ਤਰ੍ਹਾਂ ਅਤੇ ਕਿਹੜੇ ਨਿਯਮਾਂ ਦੇ ਤਹਿਤ ਵਧਾਈਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ 'ਚ ਬਿਜਲੀ ਦਾ ਲੋਕਾਂ 'ਤੇ ਵੱਡਾ ਭਾਰ ਪਾਇਆ ਗਿਆ ਹੈ। 30 ਫੀਸਦੀ ਰੇਟ ਵਧਾਏ ਗਏ ਹਨ ਜਦਕਿ ਇਹ ਘੱਟ ਹੋਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਉਹ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਤੁਰੰਤ ਪ੍ਰਭਾਵ ਨਾਲ 20 ਫੀਸਦੀ ਰੇਟ ਘੱਟ ਕੀਤੇ ਜਾਣ। ਉਥੇ ਹੀ ਇਸ ਮੁੱਦੇ 'ਤੇ ਅਕਾਲੀ ਦਲ ਵੱਲੋਂ ਸੀ. ਬੀ. ਆਈ. ਜਾਂਚ ਦੀ ਮੰਗ ਕਰਨ ਦਾ ਤਰੁਣ ਚੁੱਘ ਨੇ ਸਮਰਥਨ ਕੀਤਾ ਹੈ। ਇਸ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਕਿਹੜੇ ਨਿਯਮਾਂ ਦੇ ਤਹਿਤ ਬਿਜਲੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।
ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੋਬਾਰਾ ਲੜਾਈ ਕਰਨ ਦਾ ਜੋ ਨਾਅਰਾ ਦਿੱਤਾ ਹੈ, ਉਹ ਕਾਂਗਰਸ ਦਾ ਨਾਅਰਾ ਤਾਂ ਹੋ ਸਕਦਾ ਹੈ ਪਰ ਜੇਕਰ ਪੰਜਾਬ ਦੀ ਜਨਤਾ ਤੋਂ ਪੁੱਛਿਆ ਜਾਵੇ ਤਾਂ ਜਨਤਾ ਦਾ ਕਹਿਣਾ ਹੈ ਕਿ ਕੈਪਟਨ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ 'ਚ ਗਰੀਬਾਂ ਨਾ ਤਾਂ ਕੋਈ ਰਾਸ਼ਨ ਮਿਲ ਰਿਹਾ ਹੈ ਅਤੇ ਨਾ ਹੀ ਪੈਨਸ਼ਨ। ਉਨ੍ਹਾਂ ਕਿਹਾ ਕਿ ਰਾਜਸ਼ਾਹੀ ਦਾ ਸਾਫ ਨਮੂਨਾ ਇਸ ਸਰਕਾਰ 'ਚ ਨਜ਼ਰ ਆ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਮੱਧ ਪ੍ਰਦੇਸ਼ 'ਚ ਕਮਲਨਾਥ ਨਾਲ ਗੱਲ ਕਰਨ ਬਾਰੇ ਤਰੁਣ ਚੁੱਘ ਨੇ ਤੰਜ ਕੱਸਦੇ ਕਿਹਾ ਕਿ ਕਮਲਨਾਥ ਤੋਂ ਇਨਸਾਫ ਦੀ ਕੀ ਉਮੀਦ ਰੱਖੀ ਜਾਵੇ, ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹਨ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ 'ਚ ਉਨ੍ਹਾਂ ਦੀ ਕੀ ਭੂਮਿਕਾ ਰਹੀ ਹੈ, ਇਸ ਬਾਰੇ ਗਵਾਹ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਰ ਗੱਲ 'ਤੇ ਟਵੀਟ ਕਰਦੇ ਹਨ ਪਰ ਟਵੀਟ ਕਰਨ ਦੇ ਨਾਲ ਗੱਲ ਨਹੀਂ ਬਣੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਦਬਾਅ ਪਾਉਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਇਨਸਾਫ ਮਿਲ ਸਕੇ।