ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਜਗਦੀਸ਼ ਟਾਈਟਲਰ ਦੇ ਸ਼ਾਮਲ ਹੋਣ 'ਤੇ ਭੜਕੇ ਤਰੁਣ ਚੁੱਘ, ਕਹੀ ਇਹ ਗੱਲ
Monday, Dec 19, 2022 - 08:43 PM (IST)
ਅੰਮ੍ਰਿਤਸਰ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਤੇ ਵਰ੍ਹਦਿਆਂ ਕਿਹਾ ਕਿ ਟੁਕੜੇ-ਟੁਕੜੇ ਗੈਂਗ ਤੋਂ ਬਾਅਦ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦਾ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਰਾਹੁਲ ਗਾਂਧੀ ਦੀ ਇਹ ਯਾਤਰਾ ਦੇਸ਼ ਤੋੜਨ ਵਾਲੀ ਹੈ।
ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਦਾ ਕੇਸ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ। ਜਿਸ ਦੀ ਸੁਣਵਾਈ 23 ਦਸੰਬਰ ਨੂੰ ਹੋਣੀ ਹੈ।ਦਿੱਲੀ ਦੰਗਿਆਂ ਵਿੱਚ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਜਗਦੀਸ਼ ਟਾਈਟਲਰ ਸਮੇਤ ਕਈ ਕਾਂਗਰਸੀਆਂ ਨੂੰ ਗਾਂਧੀ ਪਰਿਵਾਰ ਵੱਲੋਂ ਉੱਚ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ।ਕੀ ਰਾਹੁਲ ਗਾਂਧੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਜਗਦੀਸ਼ ਟਾਈਟਲਰ ਨੂੰ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਕਰਕੇ ਹਜ਼ਾਰਾਂ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ।
ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ ਕਿ ਸੀ.ਬੀ.ਆਈ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ।ਰਾਹੁਲ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਵਾਂਗ ਵੱਡੀ ਗਲਤੀ ਕਰਨ ਜਾ ਰਹੇ ਹਨ, ਜਿਨ੍ਹਾਂ ਨੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। ਹੁਣ ਰਾਹੁਲ ਗਾਂਧੀ ਟਾਈਟਲਰ ਨੂੰ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਕਰਕੇ ਉਹੀ ਗਲਤੀ ਦੁਹਰਾ ਰਹੇ ਹਨ।