ਕੈਪਟਨ ਨੂੰ ਨੀਵਾਂ ਦਿਖਾਉਣ ਲਈ ਸਿੱਧੂ ਜਾ ਰਿਹੈ ਪਾਕਿ: ਤਰੁਣ ਚੁੱਘ

Tuesday, Nov 27, 2018 - 01:43 PM (IST)

ਕੈਪਟਨ ਨੂੰ ਨੀਵਾਂ ਦਿਖਾਉਣ ਲਈ ਸਿੱਧੂ ਜਾ ਰਿਹੈ ਪਾਕਿ: ਤਰੁਣ ਚੁੱਘ

ਅੰਮ੍ਰਿਤਸਰ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਤਿੱਖਾ ਵਿਅੰਗ ਕੱਸਦੇ ਹੋਏ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਬਹਾਨੇ ਪਾਕਿਸਤਾਨ ਜਾ ਕੇ ਭਾਰਤੀ ਫੌਜੀਆਂ ਦਾ ਸਿਰ ਕੱਟਣ ਵਾਲੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਫਿਰ ਜੱਫੀ ਪਾਉਣ ਦੇ ਮੋਹ ਨੂੰ ਨਵਜੋਤ ਸਿੰਘ ਸਿੱਧੂ ਛੱਡ ਨਹੀਂ ਰਹੇ ਹਨ। ਚੁੱਘ ਨੇ ਕਿਹਾ ਕਿ ਸਿੱਧੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੀਵਾਂ ਦਿਖਾਉਣ ਲਈ ਪਾਕਿਸਤਾਨ ਸਰਕਾਰ ਦਾ ਸੱਦਾ ਸਵੀਕਾਰ ਕਰਕੇ ਗਾਂਧੀ ਪਰਿਵਾਰ ਨੂੰ ਖੁਸ਼ ਕਰਨਾ ਚਾਹੁੰਦੇ ਹਨ। 

ਉਨ੍ਹਾਂ ਨੇ ਕਿਹਾ ਕਿ ਸਲਮਾਨ ਖੁਰਸ਼ੀਦ, ਮਣੀਸ਼ੰਕਰ ਅਈਅਰ ਅਤੇ ਸ਼ਸ਼ੀ ਥਰੂਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੀ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਭਾਰਤ 'ਚ ਹੋਣ ਵਾਲੀਆਂ ਸੰਸਦੀ ਚੋਣਾਂ 'ਚ ਮੁਸਲਮਾਨ ਵੋਟ ਬੈਂਕ ਨੂੰ ਲੁਭਾਉਣ ਦੀ ਚਲਾਈ ਜਾ ਰਹੀ ਮੁਹਿੰਮ 'ਚ ਸ਼ਾਮਲ ਹੋ ਕੇ 10 ਜਨਪਥ ਦੇ ਚਾਪਲੂਸ ਦਰਬਾਰੀ ਬਣਨ ਦੀ ਮੁਹਿੰਮ 'ਚ ਜੁੱਟ ਗਏ ਹਨ। 

ਤਰੁਣ ਚੁੱਘ ਨੇ ਮੁੱਖ ਮੰਤਰੀ ਵੱਲੋਂ ਪਾਕਿ ਦਾ ਸੱਦਾ ਠੁਕਰਾਉਣ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੋ ਦੇਸ਼ ਸਾਡੇ ਫੌਜੀਆਂ ਨੂੰ ਸ਼ਹੀਦ ਕਰਕੇ ਪੰਜਾਬ 'ਚ ਅੱਤਵਾਦ ਦੀ ਸਾਜਿਸ਼ ਰਚ ਰਿਹਾ ਹੈ, ਉਸ ਦੇਸ਼ 'ਚ ਉਨ੍ਹਾਂ ਦੀ ਕੈਬਨਿਟ ਦੇ ਮੰਤਰੀ ਸਿੱਧੂ ਦਾ ਜਾਣਾ ਪੰਜਾਬ 'ਚ ਅੱਤਵਾਦ ਨੂੰ ਹਵਾ ਦੇਣ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਮੰਨਿਆ ਜਾਵੇਗਾ। ਚੁੱਘ ਨੇ ਸਵਾਲ ਕੀਤਾ ਕਿ ਕੀ ਵਿਅਕਤੀਗਤ ਤੌਰ 'ਤੇ ਪਾਕਿਸਤਾਨ ਜਾ ਰਹੇ ਅਤੇ ਗਾਂਧੀ ਪਰਿਵਾਰ ਦੀ ਕੈਬਨਿਟ ਦੇ ਨਵ-ਨਿਯੁਕਤ ਮੈਂਬਰ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾ ਕੇ ਫੌਜ ਪ੍ਰਮੱਖ ਜਨਰਲ ਬਾਜਵਾ ਨਾਲ ਪਾਕਿਸਤਾਨ ਵੱਲੋਂ ਪੰਜਾਬ 'ਚ ਅੱਤਵਾਦ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਨਗੇ?


author

shivani attri

Content Editor

Related News