ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਕਾਰਨ ਬਾਸਮਤੀ ਝੋਨੇ ਦੇ ਭਾਅ ਨੇ ਤੋੜੇ ਸਾਰੇ ਰਿਕਾਰਡ : ਤਰੁਣ ਚੁੱਘ
Tuesday, Nov 28, 2023 - 10:32 PM (IST)
ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਦਾ ਨਤੀਜਾ ਹੈ ਕਿ ਪੰਜਾਬ ਵਿਚ ਬਾਸਮਤੀ ਝੋਨੇ ਦੇ ਭਾਅ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਾਸਮਤੀ 1121 ਦਾ ਭਾਅ 5500 ਰੁਪਏ ਪ੍ਰਤੀ ਕੁਇੰਟਲ, ਇਸੇ ਤਰ੍ਹਾਂ ਬਾਸਮਤੀ ਮੂਛਲ ਦਾ ਭਾਅ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਦੀ ਸੱਚੀ ਹਮਦਰਦ ਸਰਕਾਰ ਹੈ, ਜੋ ਕਿਸਾਨੀ ਕਿੱਤੇ ਨੂੰ ਲਾਹੇਬੰਦ ਬਣਾਉਣ ਅਤੇ ਕਿਸਾਨਾਂ ਦੀ ਅਮਦਨ ਵਧਾਉਣ ਲਈ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀਆਂ ਟਿੱਪਣੀਆਂ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਿਸਾਨਾਂ ਨੂੰ ਧਰਨੇ ਦੇਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਛੋਟੇ-ਛੋਟੇ ਕੇਬਲ ਆਪ੍ਰੇਟਰਾਂ ਨਾਲ ਧੱਕਾ ਹੋ ਰਿਹਾ ਹੈ, ਉਨ੍ਹਾਂ ਦਾ ਕਾਰੋਬਾਰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਚੁੱਘ ਨੇ ਕਿਹਾ ਕਿ ਪੰਜਾਬ ਵਿਚ ਛੋਟੇ-ਛੋਟੇ ਪ੍ਰਾਜੈਕਟਾਂ ਦੇ ਉਦਘਾਟਨਾਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਕਰਵਾਏ ਜਾ ਰਹੇ ਅਤੇ ਉਸ 'ਤੇ ਬੇਲੋੜਾ ਕਰੋੜਾਂ ਅਰਬਾਂ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਉਦਾਹਰਨ ਮੁੱਖ ਮੰਤਰੀ ਯਾਤਰਾ ਸਕੀਮ ਹੈ, ਜਿਸ ਦੀ ਸ਼ੁਰੂਆਤ ਵੀ ਭਗਵੰਤ ਮਾਨ ਨੇ ਕੇਜਰੀਵਾਲ ਤੋਂ ਬਿਨਾਂ ਨਹੀਂ ਕੀਤੀ ਅਤੇ ਹਰੀ ਝੰਡੀ ਦੇਣ `ਤੇ ਹੀ ਪੰਜਾਬ ਦੇ ਕਰੋੜਾਂ ਰੁਪਏ ਫਾਲਤੂ ਖ਼ਰਚ ਕਰ ਦਿੱਤੇ।
ਇਹ ਵੀ ਪੜ੍ਹੋ : 16 ਦਿਨਾਂ ਬਾਅਦ ਮਿਲੀ ਸਫ਼ਲਤਾ, ਰੈਸਕਿਊ ਆਪ੍ਰੇਸ਼ਨ ਰਾਹੀਂ ਸੁਰੰਗ 'ਚੋਂ ਬਾਹਰ ਆਏ 18 ਮਜ਼ਦੂਰ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਾਈਨਿੰਗ ਮਾਫ਼ੀਆ ਅੱਗੇ ਸਮਰਪਣ ਕਰ ਦਿੱਤਾ ਹੈ। ਪੰਜਾਬ 'ਚ ਖੁੱਲ੍ਹੇਆਮ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਸਰਕਾਰੀ ਏਜੰਸੀਆਂ ਵੱਲੋਂ ਜ਼ਬਤ ਕੀਤੀਆਂ ਜ਼ਮੀਨਾਂ ਵੀ ਹੁਣ ਪੰਜਾਬ ਵਿਚ ਸੁਰੱਖਿਅਤ ਨਹੀਂ ਹਨ। ਮਾਈਨਿੰਗ ਮਾਫੀਆ ਨੇ ਇਨ੍ਹਾਂ ਜ਼ਮੀਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ। ਸੂਬੇ 'ਚ ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਹੁਣ ਤੱਕ ਖੇਤਾਂ 'ਚ ਅੱਗ ਲੱਗਣ ਦੇ ਕੁਲ 27000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਇਸ ਸੀਜ਼ਨ ਦੀਆਂ ਘਟਨਾਵਾਂ ਦਾ ਲਗਭਗ 85% ਹੈ।
ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਕੋਲੇ ਨਾਲ ਖੇਤੀ ਦੀ ਰਹਿੰਦ-ਖੂੰਹਦ 'ਤੇ ਅਧਾਰਿਤ ਬਾਇਓਮਾਸ ਦੀ ਕੋ-ਫਾਇਰਿੰਗ ਵਿਚ ਯੋਗੀ ਮਾਡਲ ਦੇਸ਼ ਵਿਚ ਪਹਿਲੇ ਨੰਬਰ `ਤੇ ਹੈ। ਇਸ ਸਾਲ ਯੂ.ਪੀ. ਸਰਕਾਰ ਨੇ 70977 ਮੀਟ੍ਰਿਕ ਟਨ ਬਾਇਓਮਾਸ ਦੀ ਵਰਤੋਂ ਕੀਤੀ ਦੂਜੇ ਨੰਬਰ `ਤੇ ਮਹਾਰਾਸ਼ਟਰ ਭਾਜਪਾ ਸਰਕਾਰ ਨੇ 27349 ਮੀਟ੍ਰਿਕ ਟਨ, ਤੀਜੇ ਨੰਬਰ 'ਤੇ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਭਾਜਪਾ ਸਰਕਾਰ ਨੇ 20969 ਮੀਟ੍ਰਿਕ ਟਨ ਬਾਇਓਮਾਸ ਦੀ ਵਰਤੋਂ ਕੀਤੀ। ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਰਾਲੀ ਪ੍ਰਬੰਧਨ, ਖੇਤੀ ਰਹਿੰਦ-ਖੂੰਹਦ ਦੀ ਯੋਗੀ ਮਾਡਲ ਤੋਂ ਸਿੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ : ਸੁਰੰਗ 'ਚ ਫਸੇ ਸਾਰੇ ਮਜ਼ਦੂਰਾਂ ਦੇ ਸੁਰੱਖਿਅਤ ਬਾਹਰ ਨਿਕਲਣ 'ਤੇ PM ਮੋਦੀ ਨੇ ਕੀਤਾ ਟਵੀਟ, ਕਹੀਆਂ ਇਹ ਗੱਲਾਂ
ਚੁੱਘ ਨੇ ਕਿਹਾ ਕਿ ਮਈ 2023 ਤੱਕ 47 ਕੋਲਾ ਅਧਾਰਿਤ ਤਾਪ ਬਿਜਲੀ ਘਰਾਂ ਵਿਚ ਲਗਭਗ 1,64,976 ਮੀਟ੍ਰਿਕ ਟਨ ਖੇਤੀ ਰਹਿੰਦ-ਖੂੰਹਦ ਅਧਾਰਿਤ ਬਾਇਓਮਾਸ ਕੋ-ਫਾਇਰ ਕੀਤਾ ਜਾ ਚੁੱਕਾ ਹੈ। ਬਾਇਓਮਾਸ ਪੈਲੇਟਸ ਦੇ ਉੱਪਰ ਸਹਿ-ਫਾਇਰਿੰਗ ਕਰਨ ਵਾਲੇ ਥਰਮਲ ਪਾਵਰ ਪਲਾਂਟਾਂ ਦੀ ਰਾਜ-ਵਾਰ ਸੂਚੀ ਵਿਚ ਪੰਜਾਬ 11ਵੇਂ ਸਥਾਨ `ਤੇ ਹੈ। ਪੰਜਾਬ ਸਰਕਾਰ ਨੇ ਸਿਰਫ 180 ਮੀਟ੍ਰਿਕ ਟਨ ਬਾਇਓਮਾਸ ਪੈਲੇਟਸ ਦੀ ਵਰਤੋਂ ਕੀਤੀ ਹੈ। ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਯੋਗੀ ਮਾਡਲ ਤੋਂ ਸਿੱਖ ਕੇ 10,000 ਮੀਟ੍ਰਿਕ ਟਨ ਤੱਕ ਵਧਾਇਆ ਜਾ ਸਕਦਾ ਹੈ, ਜਿਸ ਨਾਲ ਨਾ ਸਿਰਫ ਪਾਰਲੀ ਸਾੜਨ ਦੇ ਮਾਮਲੇ ਖ਼ਤਮ ਹੋਣਗੇ, ਬਲਕਿ ਪਰਾਲੀ ਅਤੇ ਖੇਤੀ ਦੀ ਰਹਿੰਦ-ਖੂੰਹਦ ਦੇ ਪੁਖਤਾ ਇੰਤਜ਼ਾਮ ਵੀ ਹੋਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8