ਪਾਕਿ ਸਥਿਤ ਹਿੰਦੂ ਮੰਦਰਾਂ ''ਚ ਬੇਅਦਬੀ ਦੀਆਂ ਘਟਨਾਵਾਂ ਬਾਰੇ ਨਵਜੋਤ ਸਿੱਧੂ ਚੁੱਪ ਕਿਉਂ : ਤਰੁਣ ਚੁੱਘ
Wednesday, Dec 22, 2021 - 03:52 PM (IST)
ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪਾਕਿਸਤਾਨ ਸਥਿਤ ਹਿੰਦੂ ਮੰਦਰਾਂ 'ਚ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਹਿੰਦੂ ਭਾਈਚਾਰੇ ਦੇ ਮਨਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲ ਹੀ 'ਚ ਪਾਕਿਸਤਾਨ ਦੇ ਕਰਾਚੀ 'ਚ ਕੁੱਝ ਗੁੰਡਾ ਅਨਸਰਾਂ ਵੱਲੋਂ ਨਾਰਾਇਣ ਮੰਦਰ ਦੀ ਭੰਨਤੋੜ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਚੁੱਘ ਨੇ ਕਿਹਾ ਕਿ ਨਵਜੋਤ ਸਿੱਧੂ ਅਜਿਹੀਆਂ ਘਟਨਾਵਾਂ ਸਬੰਧੀ ਆਪਣੇ ਬਹੁਤ ਚੰਗੇ ਦੋਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਦਖ਼ਲ ਦੀ ਮੰਗ ਕਿਉਂ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਕੀ ਸਿੱਧੂ ਦੀ ਇਮਰਾਨ ਖਾਨ ਨਾਲ ਦੋਸਤੀ ਸਿਰਫ ਫੋਟੋਆਂ ਖਿਚਵਾਉਣ ਤੱਕ ਹੈ। ਤਰੁਣ ਚੁੱਘ ਨੇ ਪਾਕਿਸਤਾਨ 'ਚ ਹਿੰਦੂ ਮੰਦਰਾਂ ਨੂੰ ਨਸ਼ਟ ਕਰਨ ਅਤੇ ਹਿੰਦੂਆਂ 'ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਤਰੁਣ ਚੁੱਘ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ 'ਚ ਸਾਰੇ ਸਿੱਖ ਅਤੇ ਹਿੰਦੂ ਧਾਰਮਿਕ ਅਸਥਾਨਾਂ ਨੰ ਸਖ਼ਤ ਸੁਰੱਖਿਆ ਦੇ ਘੇਰੇ 'ਚ ਰੱਖਿਆ ਜਾਵੇ ਅਤੇ ਪਾਕਿਸਤਾਨ 'ਚ ਹਿੰਦੂਆਂ ਅਤੇ ਸਿੱਖਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ।