ਤਰਨਤਾਰਨ : 2.16 ਕਰੋੜ ਦੀ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫਤਾਰ

09/04/2019 5:26:06 PM

ਤਰਨਤਾਰਨ (ਰਮਨ) : ਸੀ.ਆਈ.ਏ. ਸਟਾਫ ਵਲੋਂ ਦੋ ਵਿਅਕਤੀਆਂ ਨੂੰ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ (ਆਈ) ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਹਰਿਤ ਸ਼ਰਮਾਂ ਵਲੋਂ ਵੱਖ-ਵੱਖ ਪੁਲਸ ਪਾਰਟੀਆਂ ਨੂੰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਭੇਜਿਆਂ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਤਹਿਤ ਸਬ-ਇੰਸਪੈਕਟਰ ਸੁਖਦੇਵ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਗੋਹਲਵੜ੍ਹ ਵਿਖੇ ਨਾਕੇਬੰਦੀ ਦੌਰਾਨ ਦੋ ਵਿਅਕਤੀਆਂ ਜਿਨ੍ਹਾਂ 'ਚ ਬਲਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਬਲਦੇਵ ਸਿੰਘ ਵਾਸੀ ਗੁਜਰਪੁਰਾ ਹਾਲ ਵਾਸੀ ਮਹਿੰਮਾ ਪੰਡੋਰੀ ਕੋਲੋਂ 300 ਗ੍ਰਾਮ ਹੈਰੋਇਨ ਸਮੇਤ ਡਰੱਗ ਮਨੀ ਤੋਂ ਖਰੀਦੀ ਸਵਿੱਫਟ ਕਾਰ ਪੀ.ਬੀ 02-ਡੀ.ਯੂ-5126 ਅਤੇ ਗੁਰਲਾਲ ਸਿੰਘ ਉਰਫ ਗੋਰਾ ਪੁੱਤਰ ਗੁਰਦੀਪ ਸਿੰਘ ਵਾਸੀ ਗਲੀ ਨੰਬਰ 3, ਮੁਹੱਲਾ ਨਾਨਕਸਰ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 2.16 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਐੱਸ.ਪੀ ਹਰਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਬਲਵਿੰਦਰ ਸਿੰਘ ਉਰਫ ਮਿੰਟੂ ਦੇ ਖਿਲਾਫ ਪਹਿਲਾਂ ਵੀ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਉਸ ਨੂੰ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਵਾਸੀ ਅੰਮ੍ਰਿਤਸਰ ਜੋ ਇਸ ਵੇਲੇ ਅੰਮ੍ਰਿਤਸਰ ਜੇਲ 'ਚ ਬੰਦ ਹੈ ਅਤੇ ਉਹ ਜੇਲ 'ਚੋਂ ਹੀ ਤਾਲਮੇਲ ਕਰਦਾ ਹੋਇਆ ਆਪਣੇ ਗ੍ਰਾਹਕਾਂ ਤੱਕ ਹੈਰੋਇਨ ਦੀ ਸਪਲਾਈ ਕਰਵਾਉਂਦਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਬਲਵਿੰਦਰ ਸਿੰਘ ਮਿੰਟੂ ਜੇਲ 'ਚ ਬੰਦ ਭੁਪਿੰਦਰ ਸਿੰਘ ਸੋਨੂੰ ਕੰਗਲਾ ਦੇ ਕਾਲੇ ਕਾਰੋਬਾਰ 'ਚ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਮਿੰਟੂ ਦਾ ਸਾਲਾ ਗੁਰਜੰਟ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਮਹਿਮਾਂ ਪੰਡੋਰੀ , ਦੀਪੂ ਬਈਆ ਵਾਸੀ ਅੰਮ੍ਰਿਤਸਰ, ਕੁਲਵੰਤ ਸਿੰਘ ਕੰਤਾ ਵਾਸੀ ਨੌਸ਼ਹਿਰਾ ਢਾਲਾ ਹਾਲ ਵਾਸੀ ਅੰਮ੍ਰਿਤਸਰ ਅਤੇ ਭਿੰਦਾ ਵਾਸੀ ਅੰਮ੍ਰਿਤਸਰ ਵੀ ਹੈਰੋਇਨ ਦੇ ਧੰਦੇ 'ਚ ਇਨ੍ਹਾਂ ਨਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਦੇ ਹੋਏ ਇਨ੍ਹਾਂ ਦਾ ਮਾਣਯੋਗ ਅਦਾਲਤ ਪਾਸੋ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ, ਜਿਸ 'ਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਜਤਾਈ ਜਾ ਰਹੀ ਹੈ। 


Baljeet Kaur

Content Editor

Related News