ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ, ਥਾਣੇਦਾਰ ਨੇ ਭਰਾ ਨੂੰ ਗੋਲ਼ੀ ਮਾਰ ਉਤਾਰਿਆ ਮੌਤ ਦੇ ਘਾਟ
Sunday, Oct 09, 2022 - 06:57 PM (IST)
ਤਰਨਤਾਰਨ (ਰਮਨ) : ਥਾਣਾ ਸਦਰ ਤਰਨਤਾਰਨ ਅਧੀਨ ਆਉਂਦੇ ਪਿੰਡ ਮੱਲ ਮੋਹਰੀ ਵਿਖੇ ਇਕ ਭਰਾ ਵੱਲੋਂ ਆਪਣੇ ਸਕੇ ਭਰਾ ਨੂੰ ਮਾਮੂਲੀ ਜ਼ਮੀਨ ਦੇ ਕਬਜ਼ੇ ਨੂੰ ਲੈ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਸਾਹਮਣੇ ਆਈ ਹੈ। ਕਤਲ ਕਰਨ ਵਾਲਾ ਮੁਲਜ਼ਮ ਪੰਜਾਬ ਪੁਲਸ ਸੈਕਿੰਡ ਕਮਾਂਡੋ ਦਾ ਥਾਣੇਦਾਰ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੀ ਨਿੱਜੀ ਰਿਵਾਲਵਰ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਹਨ, ਜਿਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਏਅਰਸ਼ੋਅ ’ਚੋਂ CM ਮਾਨ ਦੀ ਗ਼ੈਰ-ਮੌਜੂਦਗੀ ’ਤੇ ਰਾਜਪਾਲ ਬਨਵਾਰੀ ਲਾਲ ਨੇ ਚੁੱਕੇ ਸਵਾਲ
ਮਿਲੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਮੱਲ ਮੋਹਰੀ ਨਾਲ ਉਸ ਦੇ ਸਕੇ ਭਰਾ ਬਿਕਰਮਜੀਤ ਸਿੰਘ, ਜੋ ਪੰਜਾਬ ਪੁਲਸ ’ਚ ਬਤੌਰ ਏ.ਐੱਸ.ਆਈ. ਤਾਇਨਾਤ ਹੈ, ਦਾ ਕਈ ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਐਤਵਾਰ ਸ਼ਾਮ ਬਿਕਰਮਜੀਤ ਸਿੰਘ ਨੇ ਆਪਣੇ ਭਰਾ ਦਲਜੀਤ ਸਿੰਘ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ । ਇਸ ਘਟਨਾ ਤੋਂ ਬਾਅਦ ਪਿੰਡ ’ਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਥਾਣਾ ਸਦਰ ਤਰਨਤਾਰਨ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪਰਾਲੀ ਸੰਭਾਲਣ ’ਤੇ ਕਿਸਾਨਾਂ ਦੇ ਹੁੰਦੇ ਖਰਚ ਨੂੰ ਲੈ ਕੇ CM ਮਾਨ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ