ਘਰ 'ਚ ਰੱਖਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਰ ਵੇਚਦੇ ਸੀ ਨਸ਼ਾ
Saturday, Oct 12, 2019 - 09:18 AM (IST)

ਤਰਨਤਾਰਨ (ਰਮਨ, ਵਿਜੇ ਅਰੋੜਾ) : ਸਥਾਨਕ ਸ਼ਹਿਰ ਦੇ ਚੌਕ ਭਾਨ ਸਿੰਘ ਵਿਖੇ ਇਕ ਘਰ 'ਚ ਨਸ਼ੇ ਦਾ ਕਾਰੋਬਾਰ ਕਰਨ ਦੇ ਸ਼ੱਕ 'ਚ ਪੁਲਸ ਵਲੋਂ ਅਚਾਨਕ ਕੀਤੀ ਛਾਪੇਮਾਰੀ ਦੌਰਾਨ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਉਪਰੰਤ ਮੌਕੇ 'ਤੇ ਪੁੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਵਲੋਂ ਗੁਰੂ ਸਾਹਿਬ ਦੇ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਤੁਰੰਤ ਮਾਨ-ਮਰਿਆਦਾ ਨਾਲ ਸੁਸ਼ੋਭਿਤ ਕਰਵਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਚੌਕੀ ਟਾਊਨ ਦੇ ਮੁਖੀ ਸੁਖਦੇਵ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਭਾਈ ਬਲਬੀਰ ਸਿੰਘ ਮੁੱਛਲ ਵਲੋਂ ਦਰਖਾਸਤ ਦਿੱਤੀ ਗਈ ਸੀ ਕਿ ਚੌਕ ਭਾਨ ਸਿੰਘ ਵਿਖੇ ਹਰਬਰਿੰਦਰ ਸਿੰਘ ਦੇ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਇਸ ਘਰ 'ਚ ਲੜਕੇ ਨਸ਼ੇ ਦਾ ਧੰਦਾ ਕਰਦੇ ਹਨ। ਜਿਸ ਤਹਿਤ ਪੁਲਸ ਪਾਰਟੀ ਵਲੋਂ ਤੁਰੰਤ ਅੱਜ ਇਸ ਘਰ 'ਚ ਛਾਪੇਮਾਰੀ ਕਰਦੇ ਹੋਏ ਦੋ ਨੌਜਵਾਨਾਂ ਪਾਸੋਂ 3 ਗ੍ਰਾਮ ਹੈਰੋਇਨ, ਪੰਨੀਆਂ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਗਿਆ । ਡੀ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿਕਰਮ ਪੁੱਤਰ ਹਰਬਰਿੰਦਰ ਸਿੰਘ ਅਤੇ ਹਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੁਰਾਦਪੁਰ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਦੇ ਮਾਤਾ-ਪਿਤਾ ਇਸ ਸਮੇਂ ਵਿਦੇਸ਼ 'ਚ ਆਪਣੇ ਛੋਟੇ ਬੇਟੇ ਨੂੰ ਮਿਲਣ ਲਈ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਦੇਖ-ਭਾਲ ਨਾ ਹੋਣ ਕਾਰਣ ਗੁਰ-ਮਰਿਆਦਾ ਨੂੰ ਭੰਗ ਕੀਤੇ ਜਾਣ 'ਤੇ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਪੁਲਸ ਦੀ ਹਾਜ਼ਰੀ 'ਚ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆ ਗਿਆ ਹੈ।