ਤਰਨਤਾਰਨ ’ਚ ਇਕੋ ਦਿਨ ਲੁਟੇਰਿਆਂ ਨੇ 7 ਪੈਟਰੋਲ ਪੰਪਾਂ ਨੂੰ ਬਣਾਇਆ ਨਿਸ਼ਾਨਾ
Monday, Jan 18, 2021 - 12:59 AM (IST)
ਤਰਨਤਾਰਨ, (ਰਾਜੂ)- ਤਰਨਤਾਰਨ ਜ਼ਿਲੇ ’ਚ ਕਾਰ ਸਵਾਰ ਲੁਟੇਰਿਆਂ ਵਲੋਂ ਵੱਖ-ਵੱਖ ਇਲਾਕਿਆਂ ’ਚ ਸਥਿਤ 7 ਪੈਟਰੋਲ ਪੰਪਾਂ ’ਤੇ ਦਸਤਕ ਦਿੰਦਿਆਂ ਹਥਿਆਰਾਂ ਦੀ ਨੋਕ ’ਤੇ ਕਰਿੰਦਿਆਂ ਕੋਲੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਜ਼ਿਲੇ ਦੀ ਹੱਦਬੰਦੀ ਨੂੰ ਸੀਲ ਕਰਦਿਆਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਿੱਖੀਵਿੰਡ ਦੇ ਨਜ਼ਦੀਕ ਇਕ ਪੈਟਰੋਲ ਪੰਪ ’ਤੇ ਤੇਲ ਪਵਾਉਣ ਬਹਾਨੇ ਆਏ ਸਵਿਫਟ ਕਾਰ ਸਵਾਰ ਲੁਟੇਰਿਆਂ ਨੇ ਕਰਿੰਦੇ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਨਕਦੀ ਖੋਹ ਲਈ। ਇਸ ਤੋਂ ਬਾਅਦ ਲੁਟੇਰਿਆਂ ਨੇ ਪਿੰਡ ਸਫ਼ੀਪੁਰ ਦੇ ਨਜ਼ਦੀਕ ਇਕ ਕਾਰ ਸਵਾਰ ਕੋਲੋਂ ਉਸ ਦੀ ਕਾਰ ਵੀ ਖੋਹੀ ਤੇ ਪਿੰਡ ਨੌਰੰਗਾਬਾਦ ਸਥਿਤ ਇਕ ਪੈਟਰੋਲ ਪੰਪ ਤੋਂ ਨਕਦੀ ਲੁੱਟ ਲਈ। ਪੰਪ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਭਰਾ ਰਮਨਦੀਪ ਸਿੰਘ ਭਰੋਵਾਲ ਨੇ ਦੱਸਿਆ ਕਿ ਅੱਜ ਸਵੇਰੇ ਇਕ ਸਵਿਫ਼ਟ ਡਿਜ਼ਾਇਰ ਕਾਰ ਸਵਾਰ 5 ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਪੰਪ ’ਤੇ ਆਏ, ਜਿਨ੍ਹਾਂ ਕੋਲ ਪਿਸਟਲ ਸਨ, ਉਹ ਪੰਪ ਦੇ ਕਰਿੰਦਿਆਂ ਤੋਂ ਹਥਿਆਰਾਂ ਦੇ ਜ਼ੋਰ ’ਤੇ 23,700 ਰੁਪਏ ਖੋਹ ਕੇ ਲੈ ਗਏ।
ਇਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਥੋੜ੍ਹੀ ਦੂਰੀ ’ਤੇ ਸਥਿਤ ਇਕ ਇੰਡੀਅਨ ਆਇਲ ਕੰਪਨੀ ਦੇ ਪੰਪ ਤੋਂ 40,800 ਰੁਪਏ ਦੀ ਨਕਦੀ ਲੁੱਟ ਲਈ ਤੇ ਪੰਪ ’ਤੇ ਤੇਲ ਪੁਆ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਕੋਲੋਂ ਵੀ 4 ਹਜ਼ਾਰ ਦੀ ਨਕਦੀ ਲੁੱਟ ਲਈ। ਇਸੇ ਤਰ੍ਹਾਂ ਭਿੱਖੀਵਿੰਡ-ਦਿਆਲਪੁਰਾ ਰੋਡ ’ਤੇ ਸਥਿਤ ਪੰਪ ਤੋਂ ਵੀ 50 ਹਜ਼ਾਰ ਦੀ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਸਰਾਏ ਅਮਾਨਤ ਖਾਂ ਸਥਿਤ ਪੈਟਰੋਲ ਪੰਪ ਉਪਰ ਵੀ ਉਕਤ ਲੁਟੇਰਿਆਂ ਨੇ ਬੇਖੌਫ਼ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਰੱਫ਼ੂਚੱਕਰ ਹੋ ਗਏ। ਇਸ ਸਬੰਧੀ ਡੀ. ਐੱਸ. ਪੀ. ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਘਟਨਾਵਾਂ ਸਬੰਧੀ ਇਲਾਕੇ ਨੂੰ ਸੀਲ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।