ਮਾਮਲਾ ਤਰਨਤਾਰਨ ’ਚੋਂ ਮਿਲੇ RDX ਦਾ: ਧਮਾਕੇ ਲਈ ਤਿਆਰ ਸੀ IDC, ਸਿਰਫ਼ ਟਾਈਮ ਸੈੱਟ ਕਰਨਾ ਸੀ ਬਾਕੀ

Monday, May 09, 2022 - 09:58 AM (IST)

ਮਾਮਲਾ ਤਰਨਤਾਰਨ ’ਚੋਂ ਮਿਲੇ RDX ਦਾ: ਧਮਾਕੇ ਲਈ ਤਿਆਰ ਸੀ IDC, ਸਿਰਫ਼ ਟਾਈਮ ਸੈੱਟ ਕਰਨਾ ਸੀ ਬਾਕੀ

ਤਰਨਤਾਰਨ (ਰਮਨ ਚਾਵਲਾ) - ਜ਼ਿਲ੍ਹੇ ਅਧੀਨ ਆਉਂਦੇ ਕਸਬਾ ਨੌਸ਼ਹਿਰਾ ਪੰਨੂਆਂ ਤੋਂ ਨਿਕਲਦੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 ਨਜ਼ਦੀਕ ਮੌਜੂਦ ਪੁਰਾਣੀ ਖੰਡਰ ਪਈ ਸਰਕਾਰੀ ਰੈਸਟ ਹਾਊਸ ਦੀ ਇਮਾਰਤ ਅੰਦਰੋਂ 2.5 ਕਿਲੋ ਆਈ.ਈ.ਡੀ ਬਰਾਮਦ ਕੀਤੀ ਗਈ ਹੈ, ਜਿਸ ’ਚ 1.5 ਆਰ. ਡੀ. ਐਕਸ ਮੌਜੂਦ ਸੀ। ਇਸ ਦਾ ਸਿਰਫ਼ ਸਮਾਂ ਸੈੱਟ ਕਰਨਾ ਬਾਕੀ ਸੀ, ਜਿਸ ਤੋਂ ਬਾਅਦ ਇਸ ਨਾਲ ਕਿਸੇ ਜਨਤਕ ਸਥਾਨ ’ਤੇ ਧਮਾਕਾ ਕਰਨ ਦੀ ਯੋਜਨਾ ਸੀ। ਆਰ.ਡੀ.ਐਕਸ, ਡੈਟੋਨੇਟਰ ਸੈੱਟ, ਇਕ ਮੋਟਰਸਾਈਕਲ, ਦੋ ਮੋਬਾਇਲ ਫੋਨ ਅਤੇ ਹੋਰ ਸਮੱਗਰੀ ਨੂੰ ਜ਼ਿਲ੍ਹਾ ਤਰਨਤਾਰਨ ਦੀ ਪੁਲਸ ਨੇ ਆਪਣੀ ਜਾਨ ਉੱਪਰ ਖੇਡਦੇ ਹੋਏ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਐੱਸ. ਐੱਸ. ਪੀ. ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਸ ਨੇ ਇਹ ਅੱਤਵਾਦੀ ਹਮਲਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਾਕਾਮ ਕੀਤਾ ਹੈ। ਇਹ ਮਾਮਲਾ ਗੁਆਂਢੀ ਦੇਸ਼ ਪਾਕਿਸਤਾਨ ’ਚ ਬੈਠੇ ਅੱਤਵਾਦੀ ਸੰਗਠਨਾਂ ਦੇ ਨਾਲ ਜੁੜਿਆ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਬਰਾਮਦ ਕੀਤੀ ਗਈ ਸਮੱਗਰੀ ’ਚ ਚੁੰਬਕੀ ਲੋਹੇ ਦੇ ਗੋਲੇ ਅਤੇ ਕਿੱਲ ਵੀ ਬਰਾਮਦ ਕੀਤੇ ਗਏ ਹਨ, ਜੋ ਕਿਸੇ ਵਾਹਨ ਦੇ ਹੇਠਾਂ ਆਰ. ਡੀ. ਐਕਸ ਚਿਪਕਾਉਣ ਲਈ ਵਰਤੇ ਜਾਂਦੇ ਹਨ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਧਮਾਕੇਖੇਜ ਸਮੱਗਰੀ ਨੂੰ ਕਿਸੇ ਖ਼ਾਸ ਸ਼ਖ਼ਸੀਅਤ ਜਾਂ ਸਿਆਸੀ ਨੇਤਾ ਨੂੰ ਨਿਸ਼ਾਨਾ ਬਣਾਉਣ ਲਈ ਉਸ ਦੇ ਵਾਹਨ ਹੇਠਾਂ ਚਿਪਕਾਉਣ ਲਈ ਵਰਤਿਆ ਜਾਣਾ ਸੀ।

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ

ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ ਕਰੀਬ ਸੌ ਮੀਟਰ ਦੂਰ ਸਥਿਤ ਪੁਰਾਣੀ ਖੰਡਰ ਪਈ ਸਰਕਾਰੀ ਰੈਸਟ ਹਾਊਸ ਇਮਾਰਤ ’ਚੋਂ ਸੀ.ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਵਲੋਂ ਆਈ.ਈ.ਡੀ, ਆਰ.ਡੀ.ਐਕਸ ਦੀ ਖੇਪ, ਡੈਟੋਨੇਟਰ ਦਾ ਬੈਟਰੀ ਸਮੇਤ ਤਿਆਰ ਸੈੱਟ, ਇਕ ਬਿਨਾਂ ਨੰਬਰੀ ਮੋਟਰਸਾਈਕਲ, ਚੁੰਬਕੀ ਛੋਟੇ ਗੋਲੇ ਅਤੇ ਲੋਹੇ ਦੇ ਕਿੱਲ ਆਦਿ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਹੈ। ਇਹ ਕਾਰਵਾਈ ਜ਼ਿਲ੍ਹੇ ਦੇ ਸੀ.ਆਈ.ਏ ਤਰਨਤਾਰਨ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਥਾਣਾ ਸਰਹਾਲੀ ਦੀ ਪੁਲਸ ਨੂੰ ਗੁਪਤਾ ਤੌਰ ’ਤੇ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਮਿਲੀ ਸੂਚਨਾ ਅਨੁਸਾਰ ਕੁਝ ਵਿਅਕਤੀ ਧਮਾਕੇਖੇਜ਼ ਸਮੱਗਰੀ ਅਤੇ ਅਸਲੇ ਸਮੇਤ ਇਲਾਕੇ ’ਚ ਘੁੰਮ ਰਹੇ ਹਨ।

ਇਸ ਤੋਂ ਬਾਅਦ ਇਹ ਮਾਮਲਾ ਜ਼ਿਲ੍ਹੇ ਦੇ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਅਤੇ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ। ਐੱਸ.ਪੀ ਆਈ ਵਿਸ਼ਾਲਜੀਤ ਸਿੰਘ, ਸੀ.ਆਈ.ਏ ਸਟਾਫ ਤਰਨਤਾਰਨ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਹੋਰ ਥਾਣਿਆਂ ਦੀ ਫੋਰਸ ਸਮੇਤ ਆਪਣੀ ਜਾਨ ਖਤਰੇ ਵਿਚ ਪਾ ਮੌਕੇ ’ਤੇ ਪੁੱਜ ਗਏ। ਉਨ੍ਹਾਂ ਵਲੋਂ ਨੈਸ਼ਨਲ ਹਾਈਵੇ ਤੋਂ ਕਰੀਬ 100 ਗਜ਼ ਦੂਰ ਰੈਸਟ ਹਾਉਸ ਦੀ ਇਮਾਰਤ ਨੂੰ ਚਾਰੇ ਪਾਸਿਓਂ ਘੇਰਾ ਪਾਉਂਦੇ ਹੋਏ ਬਿਨਾਂ ਬੰਬ ਨਿਰੋਧਕ ਦਸਤੇ ਤੋਂ ਦੋਵਾਂ ਮੁਲਜ਼ਮਾਂ ਜਿਨ੍ਹਾਂ ਵਿਚ ਬਲਜਿੰਦਰ ਸਿੰਘ ਉਰਫ ਬਿੰਦੂ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਗੁੱਜਰਪੁਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਖਾਨੋਵਾਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦਾ ਇਕ ਹੋਰ ਸਾਥੀ ਜੋਬਨਜੀਤ ਸਿੰਘ ਉਰਫ਼ ਜੋਬਨ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਅਵਾਣ ਵਸਾਊ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਵੱਖ-ਵੱਖ ਨਾਜਾਇਜ਼ ਹਵਾਲਾ ਚੈਨਲਾਂ ਰਾਹੀਂ ਗੈਂਗਸਟਰਾਂ ਦੀ ਮਦਦ ਲਈ ਧਾਰਮਿਕ ਸਥਾਨਾਂ ਅਤੇ ਪਬਲਿਕ ਪਲੇਸ ਨੂੰ ਨਿਸ਼ਾਨਾ ਬਣਾ ਧਮਾਕਾ ਕਰ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ, ਜਿਸ ਖ਼ਿਲਾਫ਼ ਪਹਿਲਾਂ ਕਰੀਬ ਚਾਰ ਐੱਨ.ਡੀ.ਪੀ.ਐੱਸ ਐਕਟ ਦੇ ਮੁਕੱਦਮੇ ਦਰਜ ਹਨ ਅਤੇ ਜੋ ਪੁਲਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ, ਵੀ ਸ਼ਾਮਲ ਹੈ।

ਜ਼ਿਲ੍ਹਾ ਪੁਲਸ ਵਲੋਂ ਇਨ੍ਹਾਂ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਪਾਸੋਂ ਦੋ ਮੋਬਾਇਲ ਫੋਨ ਵੀ ਕਬਜ਼ੇ ਵਿਚ ਲਏ ਗਏ ਹਨ, ਜਿਸ ਦੀ ਜਾਂਚ ਲੁਧਿਆਣਾ ਸਥਿਤ ਲੈਬਾਰਟਰੀ ਤੋਂ ਕਰਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੋਬਾਇਲ ਦੀ ਜਾਂਚ ਉਪਰੰਤ ਸਾਹਮਣੇ ਆ ਸਕੇਗਾ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਪੰਜਾਬ ਜਾਂ ਫਿਰ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕਿਸ ਨਾਲ ਸਬੰਧ ਹਨ, ਜੋ ਪੰਜਾਬ ਨੂੰ ਦਹਿਲਾਉਣ ਲਈ ਸਾਜਿਸ਼ ਰਚ ਰਹੇ ਹਨ। ਇਸ ਧਮਾਕੇਖੇਜ਼ ਸਮੱਗਰੀ ਨੂੰ ਇਕ ਬੋਰੇ ਵਿਚ ਪਾ ਕੇ ਰੱਖਿਆ ਗਿਆ ਸੀ, ਜਿਸ ਵਿਚ ਡੈਟੋਨੇਟਰ ਬੈਟਰੀ ਸਮੇਤ ਹੋਰ ਤਕਨੀਕੀ ਯੰਤਰ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਇਸ ਦੇ ਨਾਲ ਹੀ ਆਰ.ਡੀ.ਐਕਸ ਨੂੰ ਤਿੰਨ ਵੱਖਰੇ ਡੱਬਿਆਂ ’ਚ ਬੰਦ ਕਰਕੇ ਪੈਕ ਕਰਕੇ ਰੱਖਿਆ ਗਿਆ ਸੀ। ਪੁਲਸ ਨੇ ਮੁਲਜ਼ਮਾਂ ਪਾਸੋਂ ਬਰਾਮਦ ਕੀਤਾ ਗਿਆ ਪਲਟੀਨਾ ਮੋਟਰਸਾਈਕਲ ਜੋ ਬਿਨਾਂ ਨੰਬਰੀ ਦੱਸਿਆ ਜਾ ਰਿਹਾ ਹੈ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਧਮਾਕੇਖੇਜ਼ ਸਮੱਗਰੀ ਦੀ ਵਰਤੋਂ ਕਿਸੇ ਭੀੜ-ਭਾੜ ਵਾਲੇ ਇਲਾਕੇ ਵਿਚ ਕਿਸੇ ਸਿਆਸੀ ਨੇਤਾ ਜਾਂ ਕਿਸੇ ਧਾਰਮਿਕ ਇਕੱਠ ਦੌਰਾਨ ਕੀਤਾ ਜਾ ਸਕਦਾ ਸੀ, ਜਿਸ ਨੂੰ ਜ਼ਿਲ੍ਹਾ ਪੁਲਸ ਨੇ ਨਾਕਾਮ ਕਰ ਦਿੱਤਾ ਹੈ। ਪੁਲਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਸਬੰਧ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਅਤਿਵਾਦੀ ਸੰਗਠਨਾਂ ਜਾਂ ਗਰਮ ਖਿਆਲੀਆਂ ਨਾਲ ਤਾਂ ਨਹੀਂ ਹਨ।

ਪੁਲਸ ਨੇ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਬੁਲਾ ਨਸ਼ਟ ਕਰਵਾਉਣ ਦੀ ਕਾਰਵਾਈ ਅਮਲ ’ਚ ਲਿਆਂਦੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮਾਂ ਵੱਲੋਂ ਕੀਤੀ ਬਹਾਦਰੀ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਧਮਾਕਾਖੇਜ਼ (ਆਈ.ਈ.ਡੀ) ਸਮੱਗਰੀ ਜੋ ਧਮਾਕੇ ਲਈ ਬਿਲਕੁੱਲ ਤਿਆਰ ਸੀ, ਜਿਸ ਦਾ ਸਮਾਂ ਸੈੱਟ ਕਰਨ ਉਪਰੰਤ ਇਸ ਨੂੰ ਕਿਸੇ ਭੀ-ਭਾੜ ਵਾਲੇ ਇਲਾਕੇ ‘ਚ ਧਮਾਕੇ ਲਈ ਵਰਤਿਆ ਜਾਣ ਦਾ ਪਲਾਨ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਥਾਣਾ ਸਰਹਾਲੀ ਵਿਖੇ ਅਸਲਾ ਐਕਟ, ਐਕਸਪਲੋਸਿਵ ਸਬਸਟੈਂਸਿਵ ਐਕਟ 1908 ਦੇ ਸੈਕਸ਼ਨ 3, ਐਕਸਪਲੋਸਿਵ ਸਬਸਟੈਂਸਿਵ ਐਕਟ 1908 ਦੇ ਸੈਕਸ਼ਨ 4, ਐਕਸਪਲੋਸਿਵ ਸਬਸਟੈਂਸਿਵ ਐਕਟ 1908 ਦੇ ਸੈਕਸ਼ਨ 5, ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੁਆਂਢੀ ਦੇਸ਼ ਪਾਕਸਿਤਾਨ ’ਚ ਬੈਠੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਮਸਕਟ ਗਈ ਤਰਨਤਾਰਨ ਦੀ ਕੁੜੀ ਨੇ ਵੀਡੀਓ ਰਾਹੀਂ ਰੋ-ਰੋ ਦੱਸੀ ਹੱਡਬੀਤੀ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ


author

rajwinder kaur

Content Editor

Related News