ਗੁਰਦੁਆਰੇ 'ਚ ਕੁੜੀ ਨਾਲ ਗਲਤ ਕੰਮ ਕਰਨ ਦਾ ਮਾਮਲਾ: ਜਾਂਚ ਕਰਨ ਗਈ ਪੁਲਸ ਪਕੌੜੇ ਖਾਣ 'ਚ ਮਸ਼ਰੂਫ਼
Thursday, Sep 03, 2020 - 01:26 PM (IST)
ਤਰਨਤਾਰਨ (ਰਮਨ ਚਾਵਲਾ) : ਗੁਰਦੁਆਰਾ ਸਾਹਿਬ 'ਚ ਪਾਠ ਸਿੱਖਣ ਜਾਣ ਵਾਲੀ 16 ਸਾਲਾ ਨਾਬਾਲਗ ਕੁੜੀ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਗ੍ਰੰਥੀ ਵਲੋਂ ਅਸ਼ਲੀਲ ਹਰਕਤਾਂ ਕਰਨ ਸਬੰਧੀ ਥਾਣਾ ਖੇਮਕਰਨ ਦੀ ਪੁਲਸ ਨੇ ਪ੍ਰਧਾਨ ਅਤੇ ਗ੍ਰੰਥੀ ਖਿਲਾਫ਼ ਬਲਾਤਕਾਰ ਦਾ ਪਰਚਾ ਦਰਜ ਕਰਦੇ ਹੋਏ ਪ੍ਰਧਾਨ ਨੂੰ ਗ੍ਰਿਫ਼ਤਾਰ ਲਿਆ ਸੀ ਜਦਕਿ ਗ੍ਰੰਥੀ ਅੱਜ ਵੀ ਪੁਲਸ ਗ੍ਰਿਫ਼ਤ ਤੋਂ ਦੂਰ ਹੈ। ਇਸ ਕੇਸ ਦੀ ਜਾਂਚ ਕਰਨ ਅਤੇ ਬਿਆਨ ਦਰਜ ਕਰਨ ਖੇਮਕਰਨ ਪੁੱਜੀ ਪੁਲਸ ਦੀ ਵਿਸ਼ੇਸ਼ ਟੀਮ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨਾਲ ਸਵੀਟ ਸ਼ਾਪ 'ਚ ਚਾਹ ਪਕੌੜੇ ਖਾਂਦੀ ਨਜ਼ਰ ਆਈ। ਇਸ ਤੋਂ ਨਾਰਾਜ਼ ਪੀੜਤ ਕੁੜੀ ਅਤੇ ਪਰਿਵਾਕ ਮੈਂਬਰਾਂ ਨੇ ਐੱਸ.ਐੱਸ.ਪੀ. ਪਾਸੋਂ ਮਾਮਲੇ 'ਚ ਖੁਦ ਦਖ਼ਲ ਦੇਣ ਦੀ ਗੁਹਾਰ ਲਗਾਉਂਦੇ ਹੋਏ ਪਕੌੜੇ ਖਾ ਰਹੀ ਮਹਿਲਾ ਜਾਂਚ ਅਧਿਕਾਰੀ ਨੂੰ ਜਿੱਥੇ ਸਸਪੈਂਡ ਕਰਨ ਦੀ ਮੰਗ ਕੀਤੀ ਹੈ ਉੱਥੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਲੈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਨੂੰ ਪਨਾਹ ਦੇਣ ਵਾਲਾ ਜੱਗਾ ਕਾਬੂ, ਸਾਹਮਣੇ ਆਈ ਵੱਡੀ ਗੱਲ
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਅੰਦਰ ਪਾਠ ਸਿੱਖਣ ਲਈ ਜਾਂਦੀ 16 ਸਾਲਾ ਨਾਬਾਲਗ ਕੁੜੀ ਨਾਲ ਗ੍ਰੰਥੀ ਅਤੇ ਪ੍ਰਧਾਨ ਵਲੋਂ ਮਾੜੀ ਨਜ਼ਰ ਨਾਲ ਵੇਖਿਆ ਜਾਣ ਲੱਗਾ ਸੀ। ਇਸ ਦੌਰਾਨ ਇਕ ਦਿਨ ਇਨ੍ਹਾਂ ਦੋਵਾਂ ਨੇ ਕੁੜੀ ਨਾਲ ਗੁਰੂ ਸਾਹਿਬ ਦੇ ਪਾਵਨ ਸਰੂਪ ਸਾਹਮਣੇ ਕਮਰੇ ਅੰਦਰ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੈਮਰੇ 'ਚ ਕੈਦ ਅਸ਼ਲੀਲ ਹਰਕਤਾਂ ਸਬੰਧੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ। ਜਿੱਥੇ ਪੀੜਤ ਕੁੜੀ ਦੇ ਬਿਆਨਾਂ ਹੇਠ ਥਾਣਾ ਖੇਮਕਰਨ ਦੀ ਪੁਲਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਹਿੰਦੀਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਗ੍ਰੰਥੀ ਲਵਪ੍ਰੀਤ ਸਿੰਘ ਉਰਫ ਕਰਮ ਪੁੱਤਰ ਗੁਰਮੀਤ ਸਿੰਘ ਵਾਸੀ ਮਹਿੰਦੀਪੁਰ ਅੱਜ ਵੀ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ। ਇਸ ਕੇਸ 'ਚ ਪੀੜਤ ਕੁੜੀ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਹੋ ਉਪਰੰਤ ਅਦਾਲਤ ਨੇ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 'ਚ ਵਾਧਾ ਕਰਦੇ ਹੋਏ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਨ ਦੇ ਪੁਲਸ ਨੂੰ ਹੁਕਮ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : ਪੁਲਸ ਇੰਸਪੈਕਟਰ ਦੀ ਕਰਤੂਤ: ਸਾਬਕਾ ਸੂਬੇਦਾਰ ਦੇ ਘਰ ਦੇ ਬਾਹਰ ਕੈਮਰੇ ਅੱਗੇ ਖੜ੍ਹ ਕਰਦਾ ਹੈ ਗੰਦਾ ਕੰਮ, ਵੇਖੋ ਵੀਡੀਓ
ਇਸ ਮਾਮਲੇ ਸਬੰਧੀ ਮੁਲਜ਼ਮਾਂ ਵਲੋਂ ਐੱਸ. ਐੱਸ. ਪੀ. ਪਾਸ ਪੇਸ਼ ਹੋ ਦੁਬਾਰਾ ਜਾਂਚ ਕਰਨ ਲਈ ਦਰਖਾਸਤ ਦਿੱਤੀ ਗਈ ਸੀ। ਜਿਸ ਦੀ ਜਾਂਚ ਲਈ ਪੀੜਤ ਕੁੜੀ ਅਤੇ ਉਸ ਦੇ ਪਰਿਵਾਰ ਨੂੰ ਐੱਸ. ਐੱਸ. ਪੀ. ਦਫ਼ਤਰ ਬਿਆਨ ਦਰਜ ਕਰਨ ਲਈ ਬੁਲਾਇਆ ਜਾਂਦਾ ਰਿਹਾ, ਜਦ ਕਿ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਲਈ ਦੋ ਪੁਲਸ ਵਾਲੀਆਂ ਬੀਬੀਆਂ ਅਤੇ ਪੁਲਸ ਪਾਰਟੀ ਕਸਬਾ ਖੇਮਕਰਨ ਪੁੱਜੇ, ਜਿੱਥੇ ਪੁਲਸ ਪਾਰਟੀ ਵਲੋਂ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਇਕ ਸਵੀਟ ਸ਼ਾਪ 'ਚ ਚਾਹ ਪਕੌੜੇ ਖਾਣ ਲਈ ਬੁਲਾਇਆ ਗਿਆ। ਇਸ ਸਵੀਟ ਸ਼ਾਪ 'ਚ ਬਣੀ ਵੀਡੀਓ 'ਚ ਸਾਫ ਵਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਪਾਰਟੀ ਨਾਲ ਸਬੰਧਿਤ ਵਿਅਕਤੀ ਪੁਲਸ ਟੀਮ ਦੇ ਨਾਲ ਇਕੋ ਟੇਬਲ 'ਤੇ ਬੈਠ ਪਹਿਲਾਂ ਚਾਹ ਪਕੌੜੇ ਖਾ ਰਹੇ ਹਨ ਅਤੇ ਬਾਅਦ 'ਚ ਗੱਲਬਾਤ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਸਾਰੇ ਇਕੱਠੇ ਬਾਹਰ ਆਉਂਦੇ ਹਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ
ਇਸ ਸਬੰਧੀ ਪੀੜਤ ਕੁੜੀ ਅਤੇ ਉਸ ਦੇ ਰਿਸ਼ਤੇਦਾਰ ਜਿੰਨ੍ਹਾਂ 'ਚ ਰਾਮ ਸਿੰਘ, ਪ੍ਰਗਟ ਸਿੰਘ, ਹਰਜਿੰਦਰ ਸਿੰਘ, ਸੰਤੋਖ ਸਿੰਘ, ਲਛਮਣ ਸਿੰਘ, ਬਾਬਾ ਸੇਵਾ ਸਿੰਘ ਆਦਿ ਜੋ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਹਨ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੀੜਤ ਨੂੰ ਖੇਮਕਰਨ ਤੋਂ ਤਰਨਤਾਰਨ ਵਿਖੇ ਬਿਆਨ ਦਰਜ ਕਰਨ ਲਈ ਬੁਲਾਇਆ ਜਾ ਰਿਹਾ ਹੈ, ਜਦਕਿ ਜਾਂਚ ਕਰਨ ਵਾਲੀ ਪੁਲਸ ਤਰਨਤਾਰਨ ਤੋਂ ਖੇਮਕਰਨ ਸਪੈਸ਼ਲ ਜਾ ਮੁਲਜ਼ਮਾਂ ਨਾਲ ਸਵੀਟ ਸ਼ਾਪ 'ਚ ਚਾਹ ਪਕੌੜੇ ਖਾਂਦੀ ਹੋਈ ਮਾਮਲੇ ਨੂੰ ਰਫਾ ਦਫਾ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਦਾ ਫਰਾਰ ਗ੍ਰੰਥੀ ਸ਼ਰੇਆਮ ਪੁਲਸ ਸਾਹਮਣੇ ਘੁੰਮ ਰਿਹਾ ਹੈ, ਜਿਸ ਨੂੰ ਪੁਲਸ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਸ਼ਲੀਲ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਸੁਖਮੀਤ ਸਿੰਘ ਅਤੇ ਰਾਜਾ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਦੀ ਹੋਈ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਦੋਂ ਤੱਕ ਉਹ ਐੱਸ.ਐੱਸ.ਪੀ ਦਫਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਰਹਿਣਗੇ।
ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ ਘਟਨਾ : ਘਰ 'ਚ ਦਾਖ਼ਲ ਹੋ ਕੇ ਪਹਿਲਾਂ ਵਿਆਹੁਤਾ ਦੀ ਕੀਤੀ ਕੁੱਟਮਾਰ ਫ਼ਿਰ ਮਿਟਾਈ ਹਵਸ
ਇਸ ਸਬੰਧੀ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਇਸ ਕੇਸ 'ਚ ਬਲਬੀਰ ਸਿੰਘ ਅਤੇ ਲਵਪ੍ਰੀਤ ਸਿੰਘ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰ ਪੁਲਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ, ਜਦਕਿ ਦੂਸਰੇ ਫਰਾਰ ਮੁਲਜ਼ਮ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਵੀਟ ਸ਼ਾਪ 'ਚ ਮੁਲਜ਼ਮ ਦੇ ਰਿਸ਼ਤੇਦਾਰਾਂ ਨਾਲ ਬੈਠ ਚਾਹ ਪਕੌੜੇ ਖਾਣ ਦੀ ਵੀਡੀਓ ਅਤੇ ਗੱਲਬਾਤ ਸਬੰਧੀ ਉਹ ਜਾਂਚ ਕਰਵਾਉਣਗੇ, ਜੋ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ।