ਲਿੰਗ ਨਿਰਧਾਰਨ ਟੈਸਟ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

Friday, May 10, 2019 - 01:04 PM (IST)

ਲਿੰਗ ਨਿਰਧਾਰਨ ਟੈਸਟ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਤਰਨਤਾਰਨ (ਰਮਨ) : ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਤੋਂ ਆਏ ਪੀ.ਐੱਨ.ਡੀ.ਟੀ. ਵਿਭਾਗ ਸਪੀਡ ਸਰਚ ਨੈਟਵਰਕ ਦੇ ਡਾਈਰੈਕਟਰ ਰਮੇਸ਼ ਦੱਤ ਵਲੋਂ ਤਰਨਤਾਰਨ ਦੇ ਇਕ ਅਲਟਰਾ ਸਾਊਂਡ ਸੈਂਟਰ 'ਚ ਛਾਪੇਮਾਰੀ ਕਰਦੇ ਹੋਏ ਉਸ ਨੂੰ ਲਿੰਗ ਨਿਰਧਾਰਨ ਟੈਸਟ ਕੀਤੇ ਦੇ ਮਾਮਲੇ 'ਚ ਸੀਲ ਕਰ ਦਿੱਤਾ ਗਿਆ। ਇਸ ਛਾਪੇਮਾਰੀ ਦੌਰਾਨ ਮੌਕੇ ਤੇ ਪੁੱਜੇ ਸਿਵਲ ਸਰਜਨ ਡਾ. ਨਵਦੀਪ ਸਿੰਘ, ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਜਗਜੀਤ ਸਿੰਘ, ਸਬ ਇੰਸਪੈਕਟਰ ਬਲਜੀਤ ਕੌਰ ਨੇ ਟੀਮ ਵਲੋਂ ਦਿੱਤੇ ਨਿਰਦੇਸ਼ਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਖਬਰ ਲਿੱਖੇ ਜਾਣ ਤੱਕ ਪੁਲਸ ਨੇ ਚਾਰ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਟੀਮ ਵਲੋਂ ਬਾਰੀਕੀ ਨਾਲ ਅਲਟਰਾਸਾਊਂਡ ਸੈਂਟਰ ਦਾ ਸਾਰਾ ਰਿਕਾਰਡ ਅਤੇ ਮਸ਼ੀਨਾਂ ਨੂੰ ਸੀਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਹਸਪਤਾਲ ਦੇ ਸਾਹਮਣੇ ਮੌਜੂਦ ਪੰਜਾਬ ਸਕੈਨ ਸੈਂਟਰ ਐਂਡ ਅਲਟਰਾਸਾਊਂਡ 'ਤੇ ਕਰੀਬ 3 ਵਜੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੀ ਅਗਵਾਈ ਪੀ.ਐੱਨ.ਡੀ.ਟੀ ਵਿਭਾਗ ਚੰਡੀਗੜ੍ਹ ਦੇ ਸਟਿੰਗ ਆਪ੍ਰੇਸ਼ਨ ਡਾਈਰੈਕਟਰ ਰਮੇਸ਼ ਦੱਤ, ਡਿਪਟੀ ਡਾਈਰੈਕਟਰ ਡਾ. ਮੁਕੇਸ਼ ਸੌਂਧੀ, ਡਾ. ਸੁਖਵਿੰਦਰ, ਡਾ. ਸਤਨਾਮ ਸਿੰਘ, ਮੈਡਮ ਅਮਨ ਪੀ.ਐੱਨ.ਡੀ.ਟੀ. ਵਿਭਾਗ ਤੋਂ ਇਲਾਵਾ ਜ਼ਿਲਾ ਤਰਨਤਾਰਨ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਅਤੇ ਡੀ.ਐੱਫ.ਪੀ.ਓ ਡਾ. ਰਜਿੰਦਰ ਦੀ ਟੀਮ ਵਲੋਂ ਇਸ ਸੈਂਟਰ 'ਚ ਨਕਲੀ ਮਰੀਜ ਬਣਾ ਕੇ ਭੇਜੀ ਗਈ 18 ਹਫਤਿਆਂ ਦੀ ਗਰਭਵਤੀ ਔਰਤ ਦਾ ਲਿੰਗ ਨਿਧਾਰਨ ਟੈਸਟ ਕਰਵਾਉਣ ਸਬੰਧੀ ਸਟਿੰਗ ਆਪਰੇਸ਼ਨ ਰਾਹੀ ਮਾਲਕ ਨੂੰ ਦੋਸ਼ੀ ਸਾਬਤ ਕਰ ਦਿੱਤਾ ਗਿਆ। 
PunjabKesari
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਈਰੈਕਟਰ ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਮੰਤਰੀ ਪੰਜਾਬ ਵਲੋਂ ਲਿੰਗ ਨਿਰਧਾਰਤ ਟੈਸਟ ਨੂੰ ਰੋਕਣ ਸਬੰਧੀ ਤਾਇਨਾਤ ਕੀਤਾ ਗਿਆ ਹੈ। ਜਿਸ ਸਬੰਧੀ ਉਨ੍ਹਾਂ ਨੂੰ ਕਈ ਥਾਵਾਂ ਤੋਂ ਗੁਪਤ ਰਿਪੋਰਟਾਂ ਮਿਲ ਰਹੀਆਂ ਸਨ ਕਿ ਕੁਝ ਅਲਟਰਾ ਸਾਊਂਡ ਸੈਂਟਰਾਂ 'ਚ ਅੱਜ ਵੀ 30 ਹਜ਼ਾਰ ਰੁਪਏ ਵਸੂਲ ਕੇ ਟੈਸਟ ਕਰ ਰਹੇ ਹਨ। ਰਾਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਤਰਨਤਾਰਨ ਦੇ ਇਕ ਸਕੈਨ ਸੈਂਟਰ 'ਚ ਚੈਕਿੰਗ ਕੀਤੀ ਗਈ। ਇਸ ਦੌਰਾਨ ਸੈਂਟਰ ਦੀ ਇਕ ਜਗ੍ਹਾ ਤੋਂ ਟੀਮ ਵਲੋਂ ਦਿੱਤੇ ਗਏ ਨੋਟ ਵੀ ਬਰਾਮਦ ਹੋ ਗਏ। ਉਨ੍ਹਾਂ ਦੱਸਿਆ ਕਿ ਟੀਮ ਨੇ ਕੁੱਲ 30 ਹਜ਼ਾਰ ਰੁਪਏ 'ਚ ਲਿੰਗ ਨਿਰਧਾਰਤ ਟੈਸਟ ਕਰਵਾਉਣ ਲਈ ਪਰਮਜੀਤ ਕੌਰ ਤੇ ਕੁਲਵਿੰਦਰ ਕੌਰ ਨੂੰ ਇਕ ਗਰਭਵਤੀ ਔਰਤ ਜੋ ਉਨ੍ਹਾਂ ਦੀ ਟੀਮ ਦਾ ਹਿੱਸਾ ਸੀ ਦਾ ਲਿੰਗ ਨਿਧਾਰਤ ਟੈਸਟ ਕਰਵਾਉਣ ਲਈ ਉਕਤ ਸਕੈਨ ਸੈਂਟਰ 'ਚ ਭੇਜਿਆ ਗਿਆ, ਜਿਸ ਦਾ ਸਾਰਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ। ਇਸ ਟੈਸਟ ਨੂੰ ਕਰਨ 'ਚ ਸੈਂਟਰ ਦੇ ਡਾਕਟਰ ਤੇ ਮਾਲਕ ਵੀ ਸ਼ਾਮਲ ਹਨ, ਜਿਨ੍ਹਾਂ ਕੋਲੋਂ ਕੁੱਲ 17 ਹਜ਼ਾਰ 500 ਰੁਪਏ ਦੇ ਨੰਬਰ ਨੋਟ ਕੀਤੇ ਨੋਟ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੀ ਅਲਟਰਸਾਊਂਡ ਮਸ਼ੀਨ ਅਤੇ ਸਾਰੇ ਰਿਕਾਰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਟੀਮ ਵਲੋਂ ਲਿਖਤੀ ਕਾਰਵਾਈ ਜਾਰੀ ਸੀ। ਥਾਣਾ ਮੁੱਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਜੋ ਕਾਰਵਾਈ ਕਰਨ ਲਈ ਲਿਖਣਗੇ ਉਨ੍ਹਾਂ ਵਲੋਂ ਜ਼ਰੂਰ ਕੀਤੀ ਜਾਵੇਗੀ। 
PunjabKesariਮੈਂ ਬੇਕਸੂਰ ਹਾਂ : ਇਸ ਸਬੰਧੀ ਪੰਜਾਬ ਸਕੈਨ ਸੈਂਟਰ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੋਈ ਵੀ ਲਿੰਗ ਨਿਰਧਾਰਤ ਟੈਸਟ ਨਹੀਂ ਕੀਤਾ, ਇਸ ਸਬੰਧੀ ਉਨ੍ਹਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ।
ਟੀਮ ਕਿਸ ਤਰਾਂ ਕਰਦੀ ਹੈ ਕੰਮ : ਟੀਮ ਵਲੋਂ ਪੂਰੇ ਪੰਜਾਬ 'ਚ ਫੈਲੇ ਇਸ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਇਹ ਟੀਮ ਸਟਿੰਗ ਆਪ੍ਰੇਸ਼ਨ ਰਾਹੀਂ ਕੰਮ ਕਰਦੀ ਹੈ। ਟੀਮ ਵਲੋਂ ਪਹਿਲਾਂ ਕੁੱਝ ਔਰਤਾਂ ਦੀ ਮਦਦ ਨਾਲ ਇਸ ਕਾਰੋਬਾਰ 'ਚ ਸ਼ਾਮਲ ਦਲਾਲਾਂ ਨੂੰ ਸੌਦਾ ਤੈਅ ਕਰਨ ਤੋਂ ਬਾਅਦ ਨੋਟ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਨੰਬਰ ਨੋਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਲਟਰਾਸਾਊਂਡ ਸੈਂਟਰ ਤੱਕ ਭੇਜਿਆ ਜਾਂਦਾ ਹੈ। ਸ਼ੁਰੂ ਤੋਂ ਲੈ ਕੇ ਆਖੀਰ ਤੱਕ ਸ਼ਾਮਲ ਇਸ ਗਿਰੋਹ ਦੇ ਸਮੂਹ ਵਿਅਕਤੀਆਂ ਨੂੰ ਪੁਲਸ ਦੀ ਮਦਦ ਨਾਲ ਕਾਬੂ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੋਸ਼ੀਆਂ ਖਿਲਾਫ ਪੀ.ਐੱਨ.ਡੀ.ਟੀ. ਐਕਟ ਅਧੀਨ ਮਾਮਲਾ ਦਰਜ ਕੀਤਾ ਜਾਂਦਾ ਹੈ, ਜਿਸ ਦਾ ਕੋਰਟ ਵਿਚ ਕੇਸ ਚੱਲਦਾ ਹੈ। ਦੋਸ਼ੀ ਪਾਏ ਜਾਣ 'ਤੇ ਮਾਣਯੋਗ ਅਦਾਲਤ ਵਲੋਂ ਸਖਤ ਸਜ਼ਾ ਦਾ ਹੁਕਮ ਸੁਣਾਇਆ ਜਾਂਦਾ ਹੈ।


author

Baljeet Kaur

Content Editor

Related News