ਤਰਨਤਾਰਨ ਜ਼ਿਲ੍ਹੇ ਅੰਦਰ ਡੇਂਗੂ ਨੇ ਫੜੀ ਆਪਣੀ ਰਫ਼ਤਾਰ, 12 ਮਰੀਜ਼ਾਂ ਦੀ ਸਰਕਾਰੀ ਤੌਰ ’ਤੇ ਪੁਸ਼ਟੀ
Sunday, Sep 12, 2021 - 05:00 PM (IST)
ਤਰਨਤਾਰਨ (ਰਮਨ)- ਕੋਰੋਨਾ ਨੇ ਪਹਿਲਾਂ ਹੀ ਲੋਕਾਂ ਦਾ ਜਿਊਣਆ ਮੁਹਾਲ ਕੀਤਾ ਹੋਇਆ ਹੈ ਅਤੇ ਹੁਣ ਜ਼ਿਲ੍ਹੇ ਅੰਦਰ ਡੇਂਗੂ ਬੁਖ਼ਾਰ ਅਤੇ ਪਲੇਟਲੈੱਟਸ ਦੀ ਘਾਟ ਵਾਲੇ ਮਰੀਜ਼ਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਜ਼ਿਲ੍ਹੇ ਭਰ ’ਚ ਡੇਂਗੂ ਅਤੇ ਪਲੇਟਲੈੱਟਸ ਦੀ ਘਾਟ ਕਾਰਨ ਬੀਮਾਰ ਹੋ ਚੁੱਕੇ ਮਰੀਜ਼ ਕੋਰੋਨਾ ਬੀਮਾਰੀ ਦੇ ਡਰ ਕਾਰਨ ਆਪਣਾ ਇਲਾਜ ਸਰਕਾਰੀ ਹਸਪਤਾਲ ਤੋਂ ਕਰਵਾਉਣ ਦੀ ਬਜਾਏ ਜ਼ਿਲ੍ਹੇ ਦੀਆਂ ਗਲੀਆਂ ’ਚ ਬੈਠੇ ਅਨਪੜ੍ਹ ਝੋਲਾਸ਼ਾਪ ਡਾਕਟਰਾਂ ਪਾਸੋਂ ਕਰਵਾਉਂਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ 12 ਲੱਖ ਦੀ ਅਬਾਦੀ ਵਾਲੇ ਜ਼ਿਲ੍ਹੇ ’ਚ ਸਰਕਾਰੀ ਅੰਕੜੇ ਅਨੁਸਾਰ ਡੇਂਗੂ ਮਰੀਜ਼ਾਂ ਦੀ ਗਿਣਤੀ 12 ਹੋ ਚੁੱਕੀ ਹੈ ਜਦਕਿ ਪ੍ਰਾਈਵੇਟ ਅਨੁਮਾਨ ਅਨੁਸਾਰ ਡੇਂਗੂ ਅਤੇ ਪਲੇਟਲੈੱਟਸ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਤੋਂ ਉੱਪਰ ਪੁੱਜ ਚੁੱਕੀ ਹੈ ਅਤੇ ਕਈ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ।
ਡੇਂਗੂ ਮਰੀਜ਼ਾਂ ਦੀ ਗਿਣਤੀ ’ਚ ਹੋ ਰਿਹਾ ਵਾਧਾ
ਜ਼ਿਲ੍ਹੇ ’ਚ ਡੇਂਗੂ ਮੱਛਰ ਅਤੇ ਪਲੇਟਲੈੱਟਸ ਸੈੱਲ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਤੋਂ ਉੱਪਰ ਪੁੱਜਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਹਰ ਗਲੀ, ਮੁਹੱਲੇ, ਪਿੰਡ ’ਚ ਵੱਸਦੇ ਲੋਕ ਬੀਮਾਰ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਜ਼ੋਰ ਫੜਦੀ ਜਾ ਰਹੀ ਹੈ, ਜਿਸ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਜ਼ਿਲ੍ਹੇ ਦੇ ਨਿਵਾਸੀ ਕੁਝ ਵਿਅਕਤੀਆਂ ਦੀ ਡੇਂਗੂ ਦੌਰਾਨ ਪਲੇਟਲੈੱਟਸ ਦੀ ਘਾਟ ਕਾਰਨ ਮੌਤ ਹੋ ਚੁੱਕੀ ਹੈ। ਸਥਾਨਕ ਮੁਹੱਲਾ ਨਾਨਕਸਰ ਵਿਖੇ ਇਕੋ ਘਰ ਦੀਆਂ ਦੋ ਔਰਤਾਂ ਨੂੰ ਡੇਂਗੂ ਨੇ ਆਪਣਾ ਸ਼ਿਕਾਰ ਬਣਾ ਲਿਆ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਘਰ ਦੇ ਆਸ-ਪਾਸ ਐਂਟੀ ਲਾਰਵਾ ਸਪ੍ਰੇ ਦਾ ਛਿੜਕਾਅ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ: ਜਲੰਧਰ ਪੁਲਸ ਕਮਿਸ਼ਨਰ ਦੇ ਤਿੱਖੇ ਤੇਵਰ, ਅਧਿਕਾਰੀਆਂ ਨੂੰ ਕਿਹਾ-ਮੇਰਾ ਕੰਮ ਕਰਨ ਦਾ ਢੰਗ ਵੱਖ, ਤੁਸੀਂ ਖ਼ੁਦ ਨੂੰ ਬਦਲੋ
ਅਨਪੜ੍ਹ ਝੋਲਾਸ਼ਾਪ ਡਾਕਟਰਾਂ ਦੀ ਹੋ ਰਹੀ ਚਾਂਦੀ
ਡੇਂਗੂ ਅਤੇ ਪਲੇਟਲੈੱਟਸ ਦੇ ਸ਼ਿਕਾਰ ਹੋ ਚੁੱਕੇ ਮਰੀਜ਼ ਕੋਰੋਨਾ ਦੇ ਡਰ ਕਾਰਨ ਆਪਣਾ ਇਲਾਜ ਸਿਵਲ ਹਸਪਤਾਲ ’ਚ ਮੌਜੂਦ ਮਾਹਿਰਾਂ ਪਾਸ ਕਰਵਾਉਣ ਦੀ ਬਜਾਏ ਗਲੀਆਂ, ਮੁੱਹਲਿਆਂ, ਪਿੰਡਾਂ ’ਚ ਮੌਜੂਦ ਅਨਪਡ਼੍ਹ ਡਾਕਟਰਾਂ ਤੋਂ ਕਰਵਾ ਰਹੇ ਹਨ। ਹੈਰਾਨੀ ਦੀ ਗੱਲ ਸਾਹਮਣੇ ਆਈ ਹੈ ਕਿ ਝੋਲਾਸ਼ਾਪ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਖ਼ੂਨ ਟੈਸਟ ਤੋਂ ਲੈ ਸਾਰਾ ਇਲਾਜ ਬਿਨਾਂ ਹਾਈਜੀਨ ਢੰਗ ਨਾਲ ਕੀਤਾ ਜਾ ਰਿਹਾ ਹੈ। ਇਹ ਅਨਪੜ੍ਹ ਡਾਕਟਰ ਮਰੀਜ਼ ਦੀਆਂ ਸੰਖੇਪ ਬੀਮਾਰੀਆਂ ਦਾ ਇਲਾਜ ਕਰਨ ਦਾ ਵੀ ਦਾਅਵਾ ਕਰਦੇ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਡੇਂਗੂ ਤੋਂ ਬਚਾਅ ਲਈ ਮੱਛਰ ਭਜਾਉ ਕਰੀਮਾਂ, ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪਡ਼ਿਆਂ, ਮੱਛਰ ਦਾਨੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ, ਆਸ-ਪਾਸ ਜ਼ਿਆਦਾ ਦਿਨਾਂ ਤੱਕ ਪਾਣੀ ਨੂੰ ਨਾ ਖਡ਼ੇ੍ਹ ਹੋਣ ਦਿਉ। ਤੇਜ਼ ਬੁਖਾਰ, ਸਿਰ ਦਰਦ, ਉਲਟੀ ਆਉਣਾ, ਭੁੱਖ ਨਾ ਲੱਗਣ ਦੀ ਸੂਰਤ ’ਚ ਮਾਹਿਰ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਬਰਸਾਤਾਂ ਜ਼ਿਆਦਾ ਹੋਣ ਕਾਰਨ ਪਾਣੀ ਖੜ੍ਹਾ ਰਹਿਣ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਡੇਂਗੂ ਦੇ ਮਰੀਜ਼ਾਂ ’ਚ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਸ ਤਹਿਤ ਸਿਹਤ ਮਹਿਕਮੇ ਵੱਲੋਂ ਆਪਣੀ ਕਮਰ ਕੱਸ ਲਈ ਗਈ ਹੈ।
ਇਹ ਵੀ ਪੜ੍ਹੋ: ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਸਿਹਤ ਮਹਿਕਮਾ ਕਰ ਰਿਹਾ ਲੋਕਾਂ ਨੂੰ ਜਾਗਰੂਕ
ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਐਂਟੀਲਾਰਵਾ ਬ੍ਰਾਂਚ ਵਲੋਂ ਜ਼ਿਲਾ ਐਪੀਡੀਮਾਈਲੋਜਿਸਟ ਡਾਕਟਰ ਨੇਹਾ ਅਗਰਵਾਲ ਦੀ ਯੋਗ ਅਗਵਾਈ ਹੇਠ ਆਏ ਦਿਨ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 12 ਡੇਂਗੂ ਮਰੀਜ਼ਾਂ ਦੀ ਪੁੱਸ਼ਟੀ ਕੀਤੀ ਜਾ ਚੁੱਕੀ ਹੈ, ਜਦਕਿ 93 ਵਿਅਕਤੀਆਂ ਦੇ ਟੈਸਟ ਕੀਤੇ ਗਏ ਸਨ। ਇਸ ਦੇ ਨਾਲ ਮੁਹੱਲਾ ਨਾਨਕਸਰ ਵਿਖੇ 265 ਘਰਾਂ ਦਾ ਸਰਵੇ ਕੀਤਾ ਗਿਆ, ਜਿੱਥੇ ਕੋਈ ਕੇਸ ਨਹੀਂ ਮਿਲਿਆ। ਇਸ ਦੇ ਨਾਲ ਹੀ 113 ਘਰਾਂ ’ਚ ਪੈਰੀਥਰੰਮ ਦੀ ਸਪ੍ਰੇ ਕਰਵਾਈ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੇ ਕਰਮਚਾਰੀ ਮਨਰਾਜਬੀਰ ਸਿੰਘ, ਭੁਪਿੰਦਰ ਸਿੰਘ, ਸ਼ੇਰ ਸਿੰਘ, ਮਨਜਿੰਦਰ ਸਿੰਘ, ਗੁਰਕਿਰਪਾਲ ਸਿੰਘ ਵਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹੱਲਿਆਂ ’ਚ ਮੌਜੂਦ ਅਨਪੜ੍ਹ ਡਾਕਟਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ‘ਬਾਬੇ ਨਾਨਕ’ ਦੇ ਵਿਆਹ ਪੁਰਬ ਦੇ ਸਬੰਧ ’ਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਨਗਰ ਕੀਰਤਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ