ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲ ਦੁਬਈ ਤੋਂ ਗ੍ਰਿਫ਼ਤਾਰ!
Wednesday, Dec 09, 2020 - 10:54 AM (IST)
ਤਰਨਤਾਰਨ (ਰਮਨ): ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਕਰਨ ਵਾਲੇ ਫ਼ਰਾਰ ਖ਼ਾਲਿਸਤਾਨੀ ਅੱਤਵਾਦੀ ਦੋਵੇਂ ਸ਼ੂਟਰਾਂ ਨੂੰ ਜਿਥੇ ਦਿੱਲੀ ਦੀ ਸਪੈਸ਼ਲ ਟੀਮ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਉਥੇ ਇਸ ਹੱਤਿਆ ਮਾਮਲੇ ਦੇ ਮੁੱਖ ਦੋਸ਼ੀ ਸੁੱਖ ਭਿਖਾਰੀਵਾਲ ਨੂੰ ਦੁਬਈ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਖ਼ਬਰ ਦੀ ਕੋਈ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ ਪਰ ਸੂਤਰਾਂ ਅਨੁਸਾਰ ਭਿਖਾਰੀਵਾਲ ਨੂੰ ਜਲਦ ਭਾਰਤ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੀਤਾ ਸੁਚੇਤ, ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ 'ਤੇ ਮੌਕਾਪ੍ਰਸਤਾਂ ਦੀ ਨਜ਼ਰ
2 ਨਕਾਬਪੋਸ਼ ਨੌਜਵਾਨਾਂ ਨੇ ਕੀਤਾ ਸੀ ਕਤਲ
ਜਾਣਕਾਰੀ ਅਨੁਸਾਰ 16 ਅਕਤੂਬਰ ਦੀ ਸਵੇਰ ਨੂੰ ਕਸਬਾ ਭਿੱਖੀਵਿੰਡ ਵਿਖੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ 2 ਨਕਾਬਪੋਸ਼ ਨੌਜਵਾਨਾਂ ਵੱਲੋਂ ਘਰ 'ਚ ਦਾਖਲ ਹੋ ਗੋਲੀਆਂ ਮਾਰਦੇ ਹੋਏ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪੁਲਸ ਵਲੋਂ ਇਸ ਘਟਨਾ ਨੂੰ ਅੱਤਵਾਦੀ ਘਟਨਾ ਨਾਲ ਜੋੜੇ ਜਾਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ, ਜਿਸ ਦੌਰਾਨ ਪੁਲਸ ਨੇ ਆਪਣੀ ਜਾਂਚ ਦੌਰਾਨ ਮੀਡੀਆ ਨੂੰ ਦੱਸਿਆ ਸੀ ਕਿ ਇਹ ਹੱਤਿਆ ਪੇਸ਼ੇਵਰ ਗੈਂਗਸਟਰ ਸੁਖ ਭਿਖਾਰੀਵਾਲ, ਜੋ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹੈ, ਜਿਸ ਦੇ ਸਬੰਧ ਨਸ਼ੇ ਵਾਲੇ ਪਦਾਰਥਾਂ ਦੀਆਂ ਖੇਪਾਂ ਮੰਗਵਾਉਣ ਦੌਰਾਨ ਆਈ. ਐੱਸ. ਆਈ. ਨਾਲ ਹਨ, ਵਲੋਂ ਸੁਪਾਰੀ ਦੇ ਕੇ ਕਰਵਾਈ ਗਈ ਹੈ। ਇਸ ਤਹਿਤ ਪੁਲਸ ਨੇ ਨਾਭਾ ਜੇਲ ਬ੍ਰੇਕ ਕਾਂਡ, ਪਿੰਡ ਤਿੱਬੜ ਦੇ ਤਿਹਰੇ ਹੱਤਿਆ ਕਾਂਡ, ਡਕੈਤੀ, ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੇ 11 ਅਪਰਾਧਕ ਮਾਮਲਿਆਂ 'ਚ ਨਾਮਜ਼ਦ ਰਵਿੰਦਰ ਸਿੰਘ ਉਰਫ਼ ਗਿਆਨਾ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਖਰਲ ਜ਼ਿਲ੍ਹਾ ਗੁਰਦਾਸਪੁਰ, ਜੋ ਪੇਸ਼ੇਵਰ ਮੁਜ਼ਰਮ ਹੈ, ਨੂੰ ਫਿਰੋਜ਼ਪੁਰ ਜੇਲ ਅਤੇ ਤਿੱਬੜ ਹੱਤਿਆ ਕਾਂਡ, ਡਕੈਤੀ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਸਬੰਧੀ 14 ਅਪਰਾਧਕ ਮਾਮਲਿਆਂ 'ਚ ਨਾਮਜ਼ਦ ਸੁਖਰਾਜ ਸਿੰਘ ਸੁੱਖਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਲਖਨਪਾਲ ਜ਼ਿਲ੍ਹਾ ਗੁਰਦਾਸਪੁਰ, ਜੋ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਸਨ, ਤੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਰਵਿੰਦਰ ਸਿੰਘ ਉਰਫ ਗਿਆਨਾ 'ਏ' ਕੈਟਾਗਿਰੀ ਦਾ ਗੈਂਗਸਟਰ ਸੁੱਖਾ ਭਿਖਾਰੀਵਾਲ ਉਰਫ਼ ਸੁਮੀਤਪਾਲ ਸਿੰਘ ਦੀ ਭੂਆ ਦਾ ਬੇਟਾ ਹੈ। ਗਿਆਨਾ ਅਤੇ ਸੁਖਰਾਜ ਸਿੰਘ ਦੋਵਾਂ ਨੇ ਪੁਲਸ ਦੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਸੁੱਖਾ ਭਿਖਾਰੀਵਾਲ ਦੇ ਕਹਿਣ 'ਤੇ ਕਰਵਾਈ ਹੈ, ਜਿਸ ਲਈ ਉਨ੍ਹਾਂ ਸੁਖਦੀਪ ਸਿੰਘ ਉਰਫ਼ ਭੂਰਾ ਵਾਸੀ ਪਿੰਡ ਖਰਲ ਜੋ ਪੇਸ਼ੇਵਰ ਮੁਜ਼ਰਮ ਹੈ ਅਤੇ ਗੁਰਜੀਤ ਸਿੰਘ ਉਰਫ਼ ਭਾਅ ਵਾਸੀ ਲਖਨਪਾਲ, ਜ਼ਿਲ੍ਹਾ ਗੁਰਦਾਸਪੁਰ ਨੂੰ ਚੁਣਿਆ। ਭੂਰਾ ਅਤੇ ਭਾਅ ਦਾ ਗੈਂਗਸਟਰ ਸੁਖਾ ਭਿਖਾਰੀਵਾਲ ਨੇ 80 ਹਜ਼ਾਰ ਰੁਪਏ ਅਤੇ ਸੁਰੱਖਿਅਤ ਠਹਿਰਣ ਦਾ ਪ੍ਰਬੰਧ ਕਰਦੇ ਹੋਏ ਇਨ੍ਹਾਂ ਦੋਵਾਂ ਨੂੰ ਬਲਵਿੰਦਰ ਦੀ ਹੱਤਿਆ ਲਈ ਇਸਤੇਮਾਲ ਕੀਤਾ।
ਇਹ ਵੀ ਪੜ੍ਹੋ :ਸ਼ਿਵ ਸੈਨਾ ਆਗੂ ਦੀਆਂ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ
11 ਲੋਕਾਂ ਨੂੰ ਪਹਿਲਾਂ ਕੀਤਾ ਜਾ ਚੁੱਕਾ ਸੀ ਗ੍ਰਿਫ਼ਤਾਰ
16 ਅਕਤੂਬਰ ਦੀ ਸਵੇਰ ਨੂੰ ਭਾਅ ਅਤੇ ਭੂਰਾ ਵੱਲੋਂ ਪਲਸਰ ਮੋਟਰਸਾਈਕਲ, ਜੋ ਕੁਝ ਸਮਾਂ ਪਹਿਲਾਂ ਗੁਰਦਾਸਪੁਰ ਤੋਂ ਚੋਰੀ ਕੀਤਾ ਗਿਆ ਸੀ 'ਤੇ ਸਵਾਰ ਹੋ ਕੇ ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਅਤੇ ਮੋਟਰਸਾਈਕਲ ਨੂੰ ਰਵਿੰਦਰ ਸਿੰਘ ਢਿੱਲੋਂ ਉਰਫ ਰਵੀ ਵੱਲੋਂ ਤੋੜ-ਭੰਨ ਕੇ ਦਰਿਆ 'ਚ ਸੁੱਟ ਦਿੱਤਾ ਗਿਆ, ਜਿਸ ਨੂੰ ਪੁਲਸ ਨੇ ਬਰਾਮਦ ਕਰਦੇ ਹੋਏ ਸੁਖਰਾਜ ਸਿੰਘ ਸੁੱਖਾ, ਰਵਿੰਦਰ ਸਿੰਘ ਉਰਫ ਗਿਆਨਾ, ਅਕਾਸ਼ਦੀਪ ਅਰੋੜਾ ਉਰਫ ਧਾਲੀਵਾਲ, ਰਵਿੰਦਰ ਸਿੰਘ ਢਿੱਲੋਂ, ਰਕੇਸ਼ ਕੁਮਾਰ ਉਰਫ ਕਾਲਾ ਬਾਹਮਣ, ਰਵੀ ਕੁਮਾਰ, ਚਾਂਦ ਕੁਮਾਰ ਭਾਟੀਆ, ਮਨਪ੍ਰੀਤ ਸਿੰਘ ਮਨੀ, ਜਗਜੀਤ ਸਿੰਘ ਉਰਫ ਜੱਗਾ, ਜੋਬਨਜੀਤ ਸਿੰਘ ਉਰਫ ਜੋਬਨ, ਪ੍ਰਭਜੀਤ ਸਿੰਘ ਉਰਫ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਦਿੱਲੀ ਪੁਲਸ ਨੇ ਕੀਤਾ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ
ਦਿੱਲੀ ਦੇ ਸ਼ਿਕਾਰਪੁਰ ਇਲਾਕੇ 'ਚ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਆਈ. ਐੱਸ. ਆਈ. ਅਤੇ ਖ਼ਾਲਿਸਤਾਨ ਨਾਲ ਸਬੰਧਤ 3 ਕਸ਼ਮੀਰੀਆਂ ਅਤੇ ਦੋਵੇਂ ਸ਼ੂਟਰਾਂ (ਗੁਰਜੀਤ ਸਿੰਘ ਭਾਅ ਅਤੇ ਸੁਖਦੀਪ ਸਿੰਘ ਭੂਰਾ) ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕੀਤੀ ਸੀ, ਜਿਸ ਤਹਿਤ ਇਨ੍ਹਾਂ ਦੋਵਾਂ ਸ਼ੂਟਰਾਂ ਵੱਲੋਂ ਦਿੱਤੀ ਜਾਣਕਾਰੀ ਤਹਿਤ ਦੱਸਿਆ ਕਿ ਬਲਵਿੰਦਰ ਸਿੰਘ ਦੀ ਹੱਤਿਆ ਕਰਨ ਉਪਰੰਤ ਉਨ੍ਹਾਂ ਵੱਲੋਂ ਸੁਖ ਭਿਖਾਰੀਵਾਲ ਨੂੰ ਲੁਧਿਆਣਾ ਬੱਸ ਅੱਡੇ ਤੋਂ ਦਿੱਲੀ ਦੀ ਬੱਸ 'ਤੇ ਚੜ੍ਹਾਇਆ ਗਿਆ ਸੀ। ਇਸ ਤੋਂ ਬਾਅਦ ਉਹ ਖੁਦ ਦਿੱਲੀ 'ਚ ਆ ਗਏ। ਦਿੱਲੀ ਪੁਲਸ ਨੇ ਸੁਖ ਭਿਖਾਰੀਵਾਲ ਜਿਸ ਨੂੰ ਦੁਬਈ ਤੋਂ ਜਾਅਲੀ ਪਾਸਪੋਰਟ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ
ਸੁੱਖ ਭਿਖਾਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਅਜੇ ਕੋਈ ਸੂਚਨਾ ਨਹੀਂ : ਐੱਸ.ਐੱਸ.ਪੀ
ਇਸ ਸਬੰਧੀ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਦਿੱਲੀ ਪੁਲਸ ਨਾਲ ਪੂਰਾ ਸੰਪਰਕ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਸੁਖ ਭਿਖਾਰੀਵਾਲ ਦੀ ਗ੍ਰਿਫਤਾਰੀ ਬਾਰੇ ਦਿੱਲੀ ਪੁਲਸ ਵੱਲੋਂ ਕੋਈ ਸੂਚਨਾ ਨਹੀਂ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਅ ਅਤੇ ਭੂਰਾ ਦੇ ਸਬੰਧ ਖਾਲਿਸਤਾਨ ਨਾਲ ਹੋਣ ਸਬੰਧੀ ਸਾਰੀ ਜਾਣਕਾਰੀ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਉਪਰੰਤ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਨਾਲ ਪੂਰਾ ਸੰਪਰਕ ਜਾਰੀ ਹੈ।
ਨੋਟ— ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ ?