ਤਰਨਤਾਰਨ ਬੰਬ ਧਮਾਕਾ : ਐੱਨ. ਆਈ. ਏ. ਨੇ 6 ਲੋਕ ਲਏ ਹਿਰਾਸਤ ''ਚ, ਹੱਥ ਲੱਗੇ ਅਹਿਮ ਦਸਤਾਵੇਜ਼

Thursday, Nov 21, 2019 - 05:22 PM (IST)

ਤਰਨਤਾਰਨ ਬੰਬ ਧਮਾਕਾ : ਐੱਨ. ਆਈ. ਏ. ਨੇ 6 ਲੋਕ ਲਏ ਹਿਰਾਸਤ ''ਚ, ਹੱਥ ਲੱਗੇ ਅਹਿਮ ਦਸਤਾਵੇਜ਼

ਤਰਨਤਾਰਨ : ਪਿੰਡ ਪੰਡੋਰੀ ਗੋਲਾ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਜਾਂਚ ਕਰ ਰਹੀ ਐੱਨ. ਆਈ. ਏ. ਦੀ ਟੀਮ ਨੇ ਬੁੱਧਵਾਰ ਨੂੰ ਖਾਲਿਸਤਾਨੀ ਸਮਰਥਕ ਬਿਕਰਮਜੀਤ ਸਿੰਘ ਵਿੱਕੀ ਪੰਜਵੜ ਦੇ ਪਰਿਵਾਰ ਤੋਂ ਪੁੱਛਗਿੱਛ ਤੋਂ ਬਾਅਦ ਦੋ ਪਹਿਲਾਂ ਅੱਤਵਾਦੀ ਰਹਿ ਚੁੱਕੇ ਲੋਕਾਂ ਸਮੇਤ ਛੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ। ਨਾਲ ਹੀ ਟੀਮ ਨੇ ਇਸ ਬੰਬ ਧਮਾਕੇ ਦੇ ਮਾਮਲੇ ਵਿਚ ਗ੍ਰਿਫਤਾਰ ਦੋਸ਼ੀਆਂ ਦੇ ਘਰਾਂ ਵਿਚ ਵੀ ਦਬਿਸ਼ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਹੱਥ ਕਈ ਅਹਿਮ ਦਸਤਾਵੇਜ਼ ਲੱਗੇ ਹਨ। 

ਦੱਸਣਯੋਗ ਹੈ ਕਿ 4 ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਦੇ ਖਾਲੀ ਪਲਾਟ 'ਚ ਉਸ ਸਮੇਂ ਬੰਬ ਧਮਾਕਾ ਹੋਇਆ ਸੀ ਜਦੋਂ ਜ਼ਮੀਨ 'ਚ ਦਬਾਇਆ ਗਿਆ ਬੰਬ ਬਾਹਰ ਕੱਢਿਆ ਜਾ ਰਿਹਾ ਸੀ। ਇਸ ਧਮਾਕੇ ਦੌਰਾਨ ਪਿੰਡ ਕਦਗਿਲ ਵਾਸੀ ਬਿਕਰਮਜੀਤ ਸਿੰਘ ਵਿੱਕੀ ਤੇ ਪਿੰਡ ਬਚੜੇ ਦਾ ਹਰਪ੍ਰੀਤ ਸਿੰਘ ਹੈੱਪੀ ਮਾਰਿਆ ਗਿਆ ਸੀ ਜਦਕਿ ਗੁਰਜੰਟ ਸਿੰਘ ਜੰਟਾ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸ ਦੀਆਂ ਅੱਖਾਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ। ਤਰਨਤਾਰਨ ਦੇ ਨਿੱਜੀ ਹਸਪਤਾਲ ਵਿਚ ਦਾਖਲ ਜੰਟਾ ਤੋਂ ਹੁਣ ਤਕ ਕਈ ਏਜੰਸੀਆਂ ਪੁੱਛਗਿੱਛ ਕਰ ਚੁੱਕੀਆਂ ਹਨ। 21 ਸਤੰਬਰ ਨੂੰ ਸਰਕਾਰ ਨੇ ਤਰਨਤਾਰਨ ਧਮਾਕੇ ਦੇ ਤਾਰ ਪਾਕਿਸਤਾਨ, ਜਰਮਨੀ ਤੇ ਹੋਰ ਦੇਸ਼ਾਂ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹੋਏ ਮਾਮਲੇ ਦੀ ਜਾਂਚ ਐੱਨ. ਆਈ. ਏ. ਦੇ ਸਪੁਰਦ ਕਰ ਦਿੱਤੀ। 

ਇਸ ਬਾਬਤ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪਿੰਡ ਦੀਨੇਵਾਲ ਦੇ ਪੰਚ ਮਾਨਦੀਪ ਸਿੰਘ ਉਰਫ ਮੱਸਾ, ਫਤਿਹਗੜ੍ਹ ਚੂੜੀਆਂ ਦੇ ਅਮਰਜੀਤ ਸਿੰਘ ਅੰਬਾ, ਕੋਟਲਾ ਗੁਜਰ ਵਾਸੀ ਮਲਕੀਤ ਸਿੰਘ ਮੀਤਾ, ਮੁਰਾਦਪੁਰ ਦੇ ਮਨਪ੍ਰੀਤ ਸਿੰਘ ਮੰਨਾ, ਪਿੰਡ ਬਚੜੇ ਦਾ ਅੰਮ੍ਰਿਤਪਾਲ ਸਿੰਘ, ਬਟਾਲਾ ਨਿਵਾਸੀ ਚੰਨਦੀਪ ਸਿੰਘ ਗੱਬਰ ਅਤੇ ਪੰਡੋਰੀ ਗੋਲਾ ਦੇ ਹਰਜੀਤ ਸਿੰਘ ਹੀਰਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਸੀ। ਇਨ੍ਹਾਂ ਵਿਚੋਂ ਚਾਰ ਮੁਲਜ਼ਮਾਂ ਨੂੰ ਐੱਨ. ਆਈ. ਏ. ਦੀ ਟੀਮ ਨੇ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਕਈ ਦਿਨਾਂ ਤਕ ਪੁੱਛਗਿੱਛ ਕੀਤੀ। ਇਸ ਮਾਮਲੇ ਦੇ ਤਾਰ ਪਿੰਡ ਪੰਜਵੜ ਦੇ ਬਿਕਰਮਜੀਤ ਸਿੰਘ ਵਿੱਕੀ ਪੰਜਵੜ ਨਾਲ ਜੁੜੇ ਹਨ। ਇਸ ਮਾਮੇਲ ਦੀ ਤਹਿ ਤਕ ਪਹੁੰਚਣ ਲਈ ਐੱਨ. ਆਈ. ਏ. ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। 


author

Gurminder Singh

Content Editor

Related News