ਤਰਨਤਾਰਨ 'ਚ ਵੱਡੀ ਵਾਰਦਾਤ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ

06/25/2020 9:23:47 AM

ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੈਰੋਂ 'ਚ ਬੀਤੀ ਰਾਤ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਵਾਪਰਨ ਦੌਰਾਨ ਜਿੱਥੇ ਸਮੁੱਚੇ ਪਿੰਡ ’ਚ ਸ਼ੋਕ ਲਹਿਰ ਦੌਡ਼ ਪਈ ਉੱਥੇ ਕਿਸੇ ਵੀ ਘਰ ’ਚ ਰੋਟੀ ਲਈ ਚੁੱਲਾ ਨਹੀਂ ਬਲਿਆ। ਜ਼ਿਕਰਯੋਗ ਹੈ ਕਿ ਇਸ ਘਰ ਦੇ ਮੁੱਖੀਆਂ ਖਿਲਾਫ ਵੱਖ-ਵੱਖ ਥਾਣਿਆਂ ’ਚ ਕਈ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਸਬੰਧੀ ਮਾਮਲੇ ਦਰਜ ਸਨ, ਜੋ ਉਨ੍ਹਾਂ ਦੀ ਮੌਤ ਦੇ ਨਾਲ ਹੀ ਖਤਮ ਹੋ ਗਏ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ

PunjabKesariਨਸ਼ੇ ਨੇ ਉਜਾਡ਼ਿਆ ਹੱਸਦਾ ਖੇਡਦਾ ਘਰ
ਬ੍ਰਿਜ ਲਾਲ ਪੁੱਤਰ ਸੰਤ ਰਾਮ (ਬ੍ਰਾਹਮਣ) ਆਪਣੀ ਪਤਨੀ ਰਣਜੀਤ ਕੌਰ, ਬੇਟੇ ਬਖਸ਼ੀਸ਼ ਉਰਫ ਸੋਨੂ (33), ਗੁਰਜੰਟ ਉਰਫ ਜੰਟਾ (32), ਦਲਜੀਤ ਉਰਫ ਬੰਟੀ (29), ਪਰਮਜੀਤ (27), ਨੂੰਹ ਜਸਪ੍ਰੀਤ (23) ਪਤਨੀ ਬਖਸ਼ੀਸ਼, ਅਮਨਦੀਪ (20) ਪਤਨੀ ਪਰਮਜੀਤ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਕਈ ਸਾਲਾਂ ਤੋਂ ਪਿੰਡ ’ਚ ਆਪਣੇ ਮਕਾਨ ਅੰਦਰ ਰਹਿ ਰਹੇ ਸਨ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਤਹਿਤ ਬ੍ਰਿਜ ਲਾਲ ਉਰਫ ਧੱਤੂ ਖਿਲਾਫ ਸ਼ਰਾਬ, ਅਫੀਮ, ਸਮੈਕ, ਹੈਰੋਇਨ ਆਦਿ ਦੀ ਸਮੱਗਲਿੰਗ ਕਰਨ ਸਬੰਧੀ ਕਈ ਮਾਮਲੇ ਦਰਜ ਸਨ। ਇਸ ਦੇ ਨਾਲ ਹੀ ਇਸ ਦੀ ਪਤਨੀ ਰਣਜੀਤ ਖਿਲਾਫ ਵੀ ਸਾਲ 2016 ਦੌਰਾਨ ਥਾਣਾ ਪੱਟੀ ਸਿਟੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਸੀ ਜਿਸ ਤਹਿਤ ਮਾਣਯੋਗ ਅਦਾਲਤ ਵੱਲੋਂ ਕੁੱਝ ਸਾਲਾਂ ਦੀ ਕੈਦ ਦਾ ਹੁੱਕਮ ਸੁਣਾਇਆ ਗਿਆ ਸੀ। ਇਸ ਦੌਰਾਨ ਇਸੇ ਸਾਲ ਫਰਵਰੀ ਮਹੀਨੇ ਦੌਰਾਨ ਰਣਜੀਤ ਕੌਰ ਅੰਮ੍ਰਿਤਸਰ ਜੇਲ ’ਚ ਮੌਜੂਦ ਸੀ ਜਿਸ ਨੇ 22 ਮਈ ਨੂੰ ਜੇਲ ਅੰਦਰ ਹੀ ਦਮ ਤੋਡ਼ ਦਿੱਤਾ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬ੍ਰਿਜ ਲਾਲ, ਉਸਦੀ ਪਤਨੀ ਰਣਜੀਤ ਤੋਂ ਇਲਾਵਾ ਬੇਟਿਆਂ ਖਿਲਾਫ ਵੀ ਨਸ਼ਾ ਸਮੱਗਲਿੰਗ ਤਹਿਤ 50 ਮਾਮਲੇ ਦਰਜ ਹਨ ਜੋ ਨਸ਼ਾ ਸਮੱਗਲਰਾਂ ਨਾਲ ਮਿਲ ਕਈਆਂ ਦੇ ਘਰ ਤਬਾਹ ਕਰ ਚੁੱਕੇ ਹਨ। ਇਸ ਹੋਏ ਕਤਲ ਦੌਰਾਨ ਘਰ ਦੇ ਜ਼ਿਆਦਾਤਰ ਮੈਂਬਰਾਂ ਦੀ ਮੌਤ ਹੋਣ ਦਾ ਕਾਰਨ ਵੀ ਨਸ਼ਾ ਕਾਰੋਬਾਰੀਆਂ ਨਾਲ ਦੁਸ਼ਮਣੀ ਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋਂ : ਖ਼ੌਫ਼ਨਾਕ ਵਾਰਦਾਤ : ਪਤੀ ਨੇ ਧੜ ਤੋਂ ਵੱਖ ਕੀਤਾ ਪਤਨੀ ਦਾ ਸਿਰ

ਗੁਰਸਾਹਿਬ ਨੂੰ ਖਿੱਚ ਕੇ ਲੈ ਗਈ ਮੌਤ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਦੇਰ ਰਾਤ ਬ੍ਰਿਜ ਲਾਲ ਦੇ ਘਰ ਕੁੱਝ ਝਗਡ਼ਾ ਹੋ ਰਿਹਾ ਸੀ। ਹੋ ਸਕਦਾ ਹੈ ਉਸ ਸਮੇਂ ਘਰ ’ਚ ਕਰੀਬ 7-8 ਵਿਅਕਤੀ ਹਵੇਲੀ ਰਾਹੀਂ ਘਰ ’ਚ ਦਾਖਲ ਹੋਏ ਹੋਣ ਅਤੇ ਬ੍ਰਿਜ ਲਾਲ ਨਾਲ ਨਸ਼ੇ ਸਬੰਧੀ ਕੀਤੀ ਡੀਲ ਦਾ ਲੈਣ ਦੇਣ ਕਰ ਰਹੇ ਹੋਣ। ਇਸ ਦੌਰਾਨ ਬ੍ਰਿਜ ਲਾਲ ਨੇ ਦੇਰ ਰਾਤ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਕੌਰੋ ਨੂੰ 6 ਵਾਰ ਫੋਨ ਕੀਤੇ ਅਤੇ ਘਰ ਆਉਣ ਲਈ ਕਿਹਾ। ਜਿਸ ਦੌਰਾਨ ਗੁਰਾਹਿਬ ਸਿੰਘ ਪਹਿਲਾਂ ਮਨ੍ਹਾਂ ਕਰਦਾ ਰਿਹਾ ਪਰ ਬਾਅਦ ’ਚ ਆਖਰੀ ਫੋਨ ਕਾਲ ਉਸ ਨੂੰ ਮੌਤ ਦੇ ਮੁੰਹ ’ਚ ਖਿੱਚ ਕੇ ਲੈ ਗਈ। ਘਰ ਪੁੱਜੇ ਵਿਅਕਤੀਆਂ ਨਾਲ ਬ੍ਰਿਜ ਲਾਲ ਦਾ ਝਗਡ਼ਾ ਜ਼ਿਆਦਾ ਵਧਦਾ ਵੇਖ ਕਾਤਲਾਂ ਨੇ ਮੌਕੇ ’ਤੇ ਤੇਜ਼ਧਾਰ ਚਾਕੂਆਂ ਨਾਲ ਵਾਰੀ ਵਾਰੀ ਬ੍ਰਿਜ ਲਾਲ, ਬੇਟੇ ਦਲਜੀਤ ਬੰਟੀ, ਨੂੰਹਾਂ ਅਮਨ, ਜਸਪ੍ਰੀਤ ਅਤੇ ਡਰਾਈਵਰ ਨੂੰ ਮੌਤ ਦੇ ਘਾਟ ਉਤਾਰ ਫਰਾਰ ਹੋ ਗਏ। ਘਟਨਾ ਵਾਪਰਨ ਸਮੇਂ ਦੋਵੇਂ ਔਰਤਾਂ ਰਸੋਈ ’ਚ ਰੋਟੀ ਬਣਾ ਰਹੀਆਂ ਸਨ।

PunjabKesari

ਪੁਲਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ
ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਕਤਲ ਸਬੰਧੀ ਛੌਟੀ ਬੱਚੀ ਦੇ ਦੱਸਣ ਅਨੁਸਾਰ ਗੁਆਂਢੀ ਨਿਸ਼ਾਨ ਸਿੰਘ ਦੇ ਬਿਆਨਾਂ ਹੇਠ ਮ੍ਰਿਤਕ ਦੇ ਬੇਟੇ ਗੁਰਜੰਟ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮ੍ਰਿਤਕਾਂ ਦੇ ਮੋਬਾਈਲ ਫੋਨਾਂ ਨੂੰ ਕਬਜ਼ੇ ’ਚ ਲੈ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਇਸ ਕਤਲ ਦੀ ਗੁੱਥੀ ਜਲਦ ਸੁਲਝਨ ਦੀ ਆਸ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾ ਰਹੀਆਂ ਹਨ।


Baljeet Kaur

Content Editor

Related News