ਤਰਨਤਾਰਨ : ਕੋਲੇ ਦੀ ਅੰਗੀਠੀ ਬਣੀ ਕਾਲ, 4 ਦੀ ਮੌਤ (ਵੀਡੀਓ)

Saturday, Dec 15, 2018 - 01:03 PM (IST)

ਤਰਨਤਾਰਨ (ਵਿਜੇ ਕੁਮਾਰ, ਰਮਨ) : ਸ਼ਨੀਵਾਰ ਸਵੇਰੇ ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ ਦੇ ਬੰਦ ਕਮਰੇ 'ਚ ਕੋਲੇ ਦੀ  ਅੰਗੀਠੀ ਬਾਲ ਕੇ ਸੁੱਤੇ 5 ਪ੍ਰਵਾਸੀ ਮਜ਼ਦੂਰਾਂ 'ਚੋਂ 4 ਦੀ ਮੌਕੇ 'ਤੇ ਮੌਤ ਹੋ ਜਾਣ ਅਤੇ ਇਕ ਦੇ ਬੇਹੋਸ਼ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਐੱਸ. ਪੀ. (ਆਈ) ਤਿਲਕ ਰਾਜ, ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ, ਡੀ. ਐੱਸ. ਪੀ. ਗੁਰਿੰਦਰ ਸਿੰਘ ਸਿੱਧੂ, ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿੱਕੀ (17) ਪੁੱਤਰ ਮਾਨਿਕ ਦਾਸ ਵਾਸੀ ਗੁਹਾਟੀ (ਆਸਾਮ), ਕ੍ਰਿਸ਼ਨਾ (18) ਪੁੱਤਰ ਰਵੀ ਵਾਸੀ ਪੀਲੀਭੀਤ (ਯੂ.ਪੀ.), ਲਵ (25) ਪੁੱਤਰ ਰਾਮ ਚੰਦਰ ਵਾਸੀ ਕਿਸ਼ਨ ਗੰਜ (ਯੂ.ਪੀ.), ਸੁਰੇਸ਼ (40) ਵਾਸੀ ਯੂ. ਪੀ. ਅਤੇ ਵਿਨੋਦ ਵਾਸੀ ਨੇਪਾਲ ਜੋ ਠੇਕੇ 'ਤੇ ਮੈਰਿਜ ਪੈਲੇਸਾਂ ਵਿਚ ਸਫਾਈ ਆਦਿ ਦਾ ਕੰਮਕਾਜ ਕਰਦੇ ਸਨ। ਬੀਤੀ ਰਾਤ ਉਕਤ 5 ਵਿਅਕਤੀ ਪ੍ਰੀਤਮ ਗਾਰਡਨ ਵਿਚ ਵਿਆਹ ਸਮਾਗਮ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਪੈਲੇਸ ਦੀ ਸਾਫ-ਸਫਾਈ ਕਰਕੇ ਇਕ ਕਮਰੇ ਵਿਚ ਸੌਂ ਗਏ। 

ਠੰਡ ਜ਼ਿਆਦਾ ਹੋਣ ਕਾਰਨ ਇਨ੍ਹਾਂ ਵੱਲੋਂ ਰਾਤ ਸਮੇਂ ਪੈਲੇਸ ਦੇ ਕਮਰੇ 'ਚ ਇਕ ਕੋਲੇ ਵਾਲੀ ਅੰਗੀਠੀ ਬਾਲ ਲਈ ਗਈ, ਜਦੋਂ ਸਵੇਰੇ ਪੈਲੇਸ ਦੇ ਚੌਕੀਦਾਰ ਨੇ ਕਮਰੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ 'ਚੋਂ 4 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਵਿਨੋਦ ਨੂੰ ਗੰਭੀਰ ਹਾਲਤ ਵਿਚ ਸਥਾਨਕ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ) ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੈਲੇਸ ਦੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ। 


Baljeet Kaur

Content Editor

Related News