ਤਰਨਤਾਰਨ : ''ਚਿੱਟੇ'' ਨੇ ਵਿੱਛਾ ਦਿੱਤੇ ਲੋਕਾਂ ਦੇ ਘਰਾਂ ''ਚ ''ਚਿੱਟੇ ਸੱਥਰ'' (ਤਸਵੀਰਾਂ)

Wednesday, Jun 27, 2018 - 02:13 PM (IST)

ਤਰਨਤਾਰਨ : ''ਚਿੱਟੇ'' ਨੇ ਵਿੱਛਾ ਦਿੱਤੇ ਲੋਕਾਂ ਦੇ ਘਰਾਂ ''ਚ ''ਚਿੱਟੇ ਸੱਥਰ'' (ਤਸਵੀਰਾਂ)

ਝਬਾਲ (ਲਾਲੂਘੁੰਮਣ) : ਜਿਸ ਪੰਜਾਬ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਚਰਨ ਛੋਅ ਪ੍ਰਾਪਤ ਹੈ ਤੇ ਜਿਸ ਪੰਜਾਬ ਨੂੰ ਸੂਰਬੀਰਾਂ ਤੇ ਬਹਾਦਰਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅੱਜ ਉਸ ਪੰਜਾਬ ਦੇ ਲੋਕ ਇਸ ਸਮੇਂ ਨਸ਼ਿਆਂ ਦੀ ਦਲ-ਦਲ 'ਚ ਗਲਤਾਨ ਹੋ ਕੇ ਬਰਬਾਦੀ ਦੀ ਮੰਜ਼ਿਲ ਵੱਲ ਵੱਧ ਰਹੇ ਹਨ। ਪੰਜਾਬ 'ਚ ਇਸ ਸਮੇਂ ਨਸ਼ਿਆਂ ਦਾ 6ਵਾਂ ਦਰਿਆ ਵਹਿ ਰਿਹਾ ਹੈ ਅਤੇ ਇਸ 6ਵੇਂ ਦਰਿਆ 'ਚ ਪੰਜਾਬ ਦੀ ਜਵਾਨੀ ਵਹਿ ਕੇ ਬਰਬਾਦੀ ਦੇ ਰਾਹ ਪੈ ਚੁੱਕੀ ਹੈ। ਜਦੋਂ ਕਿ ਸਿਆਸਤ ਦੇ ਘੋੜੇ 'ਤੇ ਸਵਾਰ ਰਾਜ ਸੱਤਾ ਦੀ ਲਾਲਸਾ ਦੇ ਲਾਲਚੀ ਲੋਕਾਂ ਵਲੋਂ ਪੰਜਾਬ ਦੀ ਗਰਕ ਹੁੰਦੀ ਜਾ ਰਹੀ ਜਵਾਨੀ ਨੂੰ ਬਚਾਉਣ ਦੀ ਜਗ੍ਹਾ ਸਿਆਸੀ ਰੋਟੀਆਂ ਸੇਕਣ ਤੋਂ ਇਲਾਵਾ ਕੋਈ ਯੋਗ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। 
ਜੇਕਰ ਗੱਲ ਕੀਤੀ ਜਾਵੇ ਸਰਹੱਦੀ ਜ਼ਿਲਾ ਤਰਨਤਾਰਨ ਦੀ ਤਾਂ ਇਹ ਉਹ ਜ਼ਿਲਾ ਹੈ ਜਿਸ ਨੂੰ ਅੱਤਵਾਦ ਦੇ ਕਾਲੇ ਦੌਰ ਦਾ ਸਭ ਤੋਂ ਵੱਧ ਸੰਤਾਪ ਹੰਢਾਉਣਾ ਪਿਆ ਹੈ ਤੇ ਉਸ ਸਮੇਂ ਦੇ ਹਾਲਾਤ ਗਵਾਹ ਹਨ ਕਿ ਇਸ ਜ਼ਿਲੇ ਦੇ ਹਜ਼ਾਰਾਂ ਬੇਗੁਨਾਹ ਨੌਜਵਾਨ ਅੱਤਵਾਦ ਦੇ ਕਾਲੇ ਦੌਰ ਦੀ ਭੇਂਟ ਚੜ੍ਹ ਕੇ ਉਸ ਕਾਲੀ ਬੋਲੀ ਹਨੇਰੀ 'ਚ ਗਾਇਬ ਹੋ ਗਏ ਸਨ ਅਤੇ ਹੁਣ ਇਸ ਜ਼ਿਲੇ ਨੂੰ 'ਚਿੱਟੇ' ਦੀ ਮਾਰ ਨੇ ਬੁਰੀ ਤਰ੍ਹਾਂ ਝਜੋੜ ਕੇ ਰੱਖ ਦਿੱਤਾ ਹੈ। ਸਵਾਲ ਇਹ ਹੈ ਕਿ ਜਿਸ ਕਾਂਗਰਸ ਪਾਰਟੀ ਨੇ ਸੂਬੇ ਦੀ ਸੱਤਾ ਇਸ ਵਾਅਦੇ 'ਤੇ ਪ੍ਰਾਪਤ ਕੀਤੀ ਹੈ ਕਿ ਉਹ ਸੱਤਾ ਸੰਭਾਲਦਿਆਂ 4 ਹਫਤਿਆਂ 'ਚ ਨਸ਼ਿਆਂ ਦਾ ਖਾਤਮਾ ਕਰ ਦੇਵੇਗੀ, ਕੀ ਉਹ 14 ਮਹੀਨਿਆਂ ਦੇ ਰਾਜ ਸਾਸ਼ਨ ਤੋਂ ਬਾਅਦ ਵੀ ਆਪਣੇ ਨਸ਼ਾ ਮੁਕਤੀ ਪੰਜਾਬ ਦੇ ਵਾਅਦੇ ਨੂੰ ਅਮਲੀ ਜਾਮਾਂ ਪਹਿਨਾਉਣ ਦੀ ਇਕ ਵੀ ਪੁਲਾਂਗ ਪੁੱਟਣ 'ਚ ਕਾਮਯਾਬ ਹੋਈ ਹੈ? ਕੀ ਜ਼ਿਲਾ ਤਰਨਤਾਰਨ ਅੰਦਰ ਇਸ ਸਮੇਂ ਨਸ਼ਿਆਂ ਖਿਲਾਫ ਨਕੇਲ ਕੱਸੀ ਜਾ ਸਕੀ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜੇਕਰ ਸਮੁੱਚੇ ਤੌਰ 'ਤੇ ਲੇਖਾ-ਜੋਖਾ ਕੀਤਾ ਜਾਵੇ ਤਾਂ ਅਜਿਹਾ ਕੁਝ ਵੀ ਹੋਇਆ ਵਿਖਾਈ ਨਹੀਂ ਦੇ ਰਿਹਾ ਹੈ।

PunjabKesari

ਸੱਤਾ ਦਾ ਬੇਸ਼ੱਕ ਨਿਜ਼ਾਮ ਬਦਲ ਗਿਆ ਹੈ ਪਰ ਜ਼ਿਲਾ ਤਰਨਤਾਰਨ ਨਸ਼ਿਆਂ ਦੀ ਦਲ-ਦਲ 'ਚੋਂ ਨਹੀਂ ਨਿਕਲ ਸਕਿਆ ਹੈ ਅਤੇ ਨਾ ਹੀ ਸਰਕਾਰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ 'ਚ ਸਫਲ ਹੁੰਦੀ ਦਿਖਾਈ ਦੇ ਰਹੀ ਹੈ। ਅੰਕੜਿਆਂ ਵੱਲ ਝਾਤੀ ਮਾਰੀ ਜਾਵੇ ਤਾਂ ਪੰਜਾਬ ਅੰਦਰ ਅੱਜ ਵੀ ਚਰਸ, ਗਾਂਜਾ, ਪੋਸਤ, ਭੁੱਕੀ, ਅਫੀਮ, ਹੈਰੋਇਨ, ਸਮੈਕ, ਗੋਲੀਆਂ, ਕੈਪਸੂਲ, ਨਸ਼ੀਲੇ ਟੀਕੇ ਅਤੇ ਸਿੰਥੈਟਿਕ ਡਰੱਗ ਦਾ ਪੂਰੀ ਤਰ੍ਹਾਂ ਬੋਲ ਬਾਲਾ ਹੈ। ਸਰਹੱਦੀ ਜ਼ਿਲੇ ਤਰਨਤਾਰਨ 'ਚ ਵੀ ਹੈਰੋਇਨ, ਸਮੈਕ, ਸਿੰਥੈਟਿਕ ਡਰੱਗ ਅਤੇ ਮੈਡੀਕਲ ਡਰੱਗ ਦੀ ਤਸਕਰੀ ਬੇਰੋਕ ਜਾਰੀ ਹੈ। ਇਥੇ ਹੀ ਬੱਸ ਨਹੀਂ ਨਸ਼ਿਆਂ ਦੀ ਤਸਕਰੀ 'ਚ ਇਸ ਜ਼ਿਲੇ ਦੀਆਂ ਔਰਤਾਂ ਤੇ ਛੋਟੇ ਬੱਚਿਆਂ ਦੀ ਸ਼ਮੂਲੀਅਤ ਵੀ ਵੱਡਾ ਚਿੰਤਾਂ ਦਾ ਵਿਸ਼ਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਮਾਝਾ ਖੇਤਰ ਦੇ 61 ਫੀਸਦੀ ਘਰ ਨਸ਼ਿਆਂ ਨੇ ਬਰਬਾਦ ਕਰਕੇ ਰੱਖ ਦਿੱਤੇ ਹਨ ਤੇ 15 ਤੋਂ 25 ਸਾਲ ਦੀ ਉਮਰ ਦੇ ਲੋਕ ਵੱਖ-ਵੱਖ ਨਸ਼ਿਆਂ ਤੋਂ ਗ੍ਰਸ਼ਤ ਹਨ। ਭਾਂਵੇ ਕਿ ਸ਼ਰਾਬ ਨੂੰ ਇਕ ਰਵਾਇਤੀ ਨਸ਼ੇ ਵਜੋਂ ਵੇਖਿਆ ਜਾਂਦਾ ਹੈ ਪਰ ਜੇਕਰ ਅੰਕੜਿਆਂ ਵੱਲ ਝਾਤ ਮਾਰੀ ਜਾਵੇ ਤਾਂ ਇਕੱਲਾ ਅੰਮ੍ਰਿਤਸਰ ਇਕ ਅਜਿਹਾ ਜ਼ਿਲਾ ਹੈ ਜਿਥੇ ਰੋਜ਼ਾਨਾ ਇਕ ਕਰੋੜ ਰੁਪਏ ਦੀ ਸ਼ਰਾਬ ਪੀਤੀ ਜਾਂਦੀ ਹੈ। ਜਦਕਿ ਨੈਸ਼ਨਲ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਮੁਤਾਬਕ ਟੀਕਿਆਂ (ਸੂਈ, ਸਰਿੰਜ) ਨਾਲ ਨਸ਼ਿਆਂ ਦਾ ਸੇਵਨ ਕਰਨ ਕਰਕੇ ਕਾਲਾ ਪੀਲੀਆ ਅਤੇ ਐੱਚ.ਆਈ.ਵੀ. ਤੋਂ ਗ੍ਰਸਤ ਮਰੀਜ਼ਾ ਦੀ ਗਿਣਤੀ 'ਚ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲੇ ਪਹਿਲੀ ਕਤਾਰ 'ਚ ਹਨ। 

PunjabKesari
ਜ਼ਿਲੇ ਤਰਨਤਾਰਨ 'ਚ ਪਿੱਛਲੇ 15 ਦਿਨਾਂ 'ਚ ਇਕ ਦਰਜਨ ਦੇ ਕਰੀਬ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ ਹਾਲਾਤ ਇਹ ਬਣ ਗਏ ਹਨ ਕਿ ਇਸ 'ਚਿੱਟੇ' ਨੇ ਲੋਕਾਂ ਦੇ ਘਰਾਂ 'ਚ 'ਚਿੱਟੇ ਸੱਥਰ' ਵਿੱਛਾ ਕੇ ਰੱਖ ਦਿੱਤੇ ਹਨ, ਜਿਸ ਕਰਕੇ ਲੋਕਾਂ ਦੇ ਘਰਾਂ 'ਚ ਚੁਲ੍ਹਿਆਂ ਦੀ ਅੱਗ ਠੰਡੀ ਪੈ ਗਈ ਅਤੇ ਸਿਵਿਆਂ ਦੀ ਅੱਗ ਦੀਆਂ ਲੱਪਟਾਂ ਉੱਚੀਆਂ ਹੋ ਗਈਆਂ ਹਨ, ਜਿਸ ਦੀ ਤਾਜਾ ਮਿਸਾਲ ਬੀਤੇ ਦਿਨਾਂ ਤੋਂ ਮਿਲਦੀ ਹੈ ਜਿਸ ਦੌਰਾਨ ਇਕ ਹੀ ਦਿਨ 'ਚ ਹੀ ਤਰਨਤਾਰਨ ਦੇ ਪਿੰਡ ਢੋਟੀਆਂ ਦੇ ਗੁਰਭੇਜ ਸਿੰਘ ਅਤੇ ਪਿੰਡ ਐਮਾਂ ਖੁਰਦ ਦੇ ਗੁਰਜੰਟ ਸਿੰਘ ਦੀ ਓਵਰ ਡੋਜ਼ ਦੇ ਟੀਕੇ ਲਾਉਣ ਕਾਰਨ ਹੋਈ ਮੌਤ ਹੋ ਗਈ ਸੀ। ਹਾਲਾਤ ਇਹ ਬਣੇ ਹੋਏ ਹਨ ਕਿ ਲੋਕ ਲੜਕੀਆਂ ਵਾਂਗ ਆਪਣੇ 'ਲਾਡਲਿਆਂ' ਦੀ ਰਾਖੀ ਕਰਨ ਲਈ ਮਜ਼ਬੂਰ ਹੋ ਰਹੇ ਹਨ।

PunjabKesari
ਕੀ ਕਹਿੰਦੇ ਹਨ ਸਰਕਾਰੀ ਅੰਕੜੇ
ਸਰਕਾਰੀ ਅੰਕੜਿਆਂ ਮੁਤਾਬਕ 2 .77 ਕਰੋੜ ਦੀ ਆਬਾਦੀ ਵਾਲੇ ਪੰਜਾਬ 'ਚ 68.82 ਫੀਸਦੀ ਲੋਕ ਪਿੰਡਾਂ 'ਚ ਵੱਸਦੇ ਹਨ। ਪਿੰਡਾਂ 'ਚ ਵੱਸਦੇ ਇਨ੍ਹਾਂ ਲੋਕਾਂ 'ਚ 21.45 ਫੀਸਦੀ ਲੋਕ ਭੁੱਕੀ ਦਾ ਨਸ਼ਾ ਕਰਦੇ ਹਨ। 20.41 ਫੀਸਦੀ ਲੋਕ ਮੈਡੀਕਲ ਡਰੱਗ ਦਾ ਨਸ਼ਾ ਕਰਦੇ ਹਨ। 8.65 ਫੀਸਦੀ ਲੋਕ ਨਸ਼ੀਲੇ ਟੀਕਿਆਂ ਦਾ ਨਸ਼ਾ ਕਰਦੇ ਹਨ ਜਦ ਕਿ 4.85 ਫੀਸਦੀ ਲੋਕ ਚਰਸ ਵਰਗੇ ਨਸ਼ੇ ਦਾ ਸੇਵਨ ਕਰਦੇ ਹਨ। ਯੂ.ਐੱਨ.ਓ. ਦੇ ਅੰਕੜੇ ਸਾਬਤ ਕਰਦੇ ਹਨ ਕਿ ਪੰਜਾਬ 'ਚ ਚੰਡੀਗੜ੍ਹ ਤੇ ਹਰਿਆਣਾ ਨਾਲੋਂ 3 ਗੁਣਾ ਨਸ਼ੇੜੀਆਂ ਦੀ ਗਿਣਤੀ ਵੱਧ ਹੈ। ਨਸ਼ਿਆਂ ਦਾ ਸੇਵਨ ਕਰਨ ਕਰਕੇ ਪੰਜਾਬ ਦੇ ਲੋਕ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਬੁਰੀ ਤਰ੍ਹਾਂ ਖੋਖਲੇ ਹੋ ਰਹੇ ਹਨ।

PunjabKesari
ਪਹਿਰਾਵਿਆਂ ਦੇ ਬਦਲੇ ਹਨ ਰੰਗ, ਢੰਗ ਉਹੀ : ਗੁਰਨਾਮ ਸਿੰਘ ਧੁੰਨਾ
ਇੰਟਰਨੈਸ਼ਨਲ ਹਿਊਮਨ ਰਾਇਟ ਆਰਗੇਨਾਈਜੇਸ਼ਨ ਦੇ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਧੁੰਨਾ ਦੀ ਮੰਨੀਏ ਤਾਂ ਸੱਤਾ ਬਦਲਣ ਉਪਰੰਤ ਵੀ ਸੂਬੇ ਅੰਦਰੋਂ ਕਿਸੇ ਪ੍ਰਕਾਰ ਦਾ ਨਸ਼ਾ ਰੁਕਿਆ ਨਹੀਂ ਹੈ, ਸਗੋਂ ਮਹਿੰਗਾ ਜ਼ਰੂਰ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਵੱਡੀ ਦਿਲ ਦਿਹਲਾਉਣ ਵਾਲੀ ਘਟਨਾ ਕੀ ਹੋਵੇਗੀ ਕਿ ਪਿੱਛਲੇ ਦਿਨੀਂ ਜ਼ਿਲਾ ਤਰਨਤਾਰਨ ਨਾਲ ਸਬੰਧਤ ਪਿੰਡ ਢੋਟੀਆਂ ਦੇ ਵਾਸੀ ਜਿਸ ਗੁਰਭੇਜ ਸਿੰਘ ਦੀ ਮੌਤ ਨਸ਼ੀਲੇ ਟੀਕੇ ਦੀ ਓਵਰ ਡੋਜ਼ ਨਾਲ ਹੋਈ ਹੈ ਉਸ ਦਾ ਮਾਸੂਮ ਬੱਚਾ ਆਪਣੇ ਪਿਤਾ ਦੀ ਲਾਸ਼ ਨੂੰ ਹਿਲਾ-ਹਿਲਾ ਕੇ ਉਸਨੂੰ ਸਕੂਲ ਛੱਡਣ ਲਈ ਆਵਾਜ਼ਾਂ ਮਾਰ ਰਿਹਾ ਹੈ। ਜਦ ਕਿ ਤਰਾਸਦੀ ਇਹ ਵੀ ਬਣ ਗਈ ਹੈ ਕਿ ਇਸ ਜ਼ਿਲੇ ਦੇ ਇਕ ਬਾਪ ਵਲੋਂ ਨਸ਼ੇ ਦੀ ਸਮਗਲਿੰਗ ਕਰਦੀ ਆਪਣੀ ਧੀ ਨੂੰ ਖੁਦ ਪੁਲਸ ਹਵਾਲੇ ਕੀਤਾ ਗਿਆ ਹੈ। ਧੁੰਨਾ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਪਹਿਰਾਵਿਆਂ ਦੇ ਰੰਗ ਬਦਲੇ ਹਨ, ਢੰਗ ਉਹ ਹੀ ਹਨ।

PunjabKesari
ਨਸ਼ਾ ਤਸਕਰਾਂ ਖਿਲਾਫ ਕੱਸੀ ਗਈ ਹੈ ਨਕੇਲ : ਐੱਸ.ਐੱਸ.ਪੀ ਮਾਨ
ਐੱਸ.ਐੱਸ.ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੋਧ ਚਲਾਈ ਗਈ ਮੁਹਿੰਮ ਤਹਿਤ ਜ਼ਿਲਾ ਤਰਨਤਾਰਨ ਦੀ ਪੁਲਸ ਵਲੋਂ ਉਨ੍ਹਾਂ ਦੀ ਅਗਵਾਈ 'ਚ ਜੰਗ ਜਾਰੀ ਹੈ। ਉਨ੍ਹਾਂ ਦੱਸਿਆ ਕਿ 2017 ਤੋਂ ਹੁਣ ਤੱਕ ਇਕ ਹਜ਼ਾਰ ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੋਧ ਕੇਸ ਦਰਜ ਕੀਤੇ ਗਏ ਹਨ, ਜਦ ਕਿ 2017 ਤੋਂ ਹੁਣ ਤੱਕ 35 ਕਿਲੋ ਦੇ ਕਰੀਬ ਹੈਰੋਇਨ, ਲੱਖਾਂ ਦੀ ਗਿਣਤੀ 'ਚ ਨਸ਼ੀਲੇ ਕੈਪਸ਼ੂਲ, ਗੋਲੀਆਂ, ਟੀਕੇ ਆਦਿ ਸਮਗਲਰਾਂ ਤੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਨਸ਼ਾ ਤਸਕਰੀ 'ਚ ਸ਼ਾਮਲ ਕਿਸੇ ਵੀ ਆਮ ਜਾਂ ਖਾਸ ਨੂੰ ਨਹੀਂ ਬਖਸ਼ਿਆ ਜਾਵੇਗਾ, ਜਿਸ ਲਈ ਉਨ੍ਹਾਂ ਦੀ ਪੁਲਸ ਵਲੋਂ ਵੱਡੇ ਪੱਧਰ 'ਤੇ ਮੁਹਿੰਮ ਅਰੰਭੀ ਹੋਈ ਹੈ। 
 


Related News