ਸ਼ਾਰਟ ਸਰਕਟ ਕਾਰਨ 17 ਏਕੜ ਕਣਕ ਚੜ੍ਹੀ ਅੱਗ ਦੀ ਭੇਟ

Monday, Apr 29, 2019 - 12:40 PM (IST)

ਸ਼ਾਰਟ ਸਰਕਟ ਕਾਰਨ 17 ਏਕੜ ਕਣਕ ਚੜ੍ਹੀ ਅੱਗ ਦੀ ਭੇਟ

ਤਰਨਤਾਰਨ (ਰਮਨ, ਬਲਵਿੰਦਰ ਕੌਰ) : ਨਜ਼ਦੀਕੀ ਪਿੰਡ ਬੁੱਘੇ ਵਿਖੇ ਇਕ ਕਿਸਾਨ ਦੀ 5 ਏਕੜ ਕਣਕ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਸਲ ਦਾ ਮੁਆਵਜ਼ਾ ਲੈਣ ਲਈ ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਮੇਲਾ ਸਿੰਘ ਆਪਣੀ ਟੀਮ ਨੂੰ ਨਾਲ ਲੈ ਕੇ ਫਾਇਰ ਬ੍ਰਿਗੇਡ ਸਮੇਤ ਮੌਕੇ 'ਤੇ ਪੁੱਜੇ ਤੇ ਅੱਗ 'ਤੇ ਕਾਬੂ ਪਾਇਆ ਗਿਆ। ਜਾਣਕਾਰੀ ਦਿੰਦਿਆਂ ਮੇਲਾ ਸਿੰਘ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਦੇ ਬਾਵਜੂਦ ਕਿਸਾਨ ਬਲਵਿੰਦਰ ਸਿੰਘ ਦੀ ਕਰੀਬ 5 ਏਕੜ ਕਣਕ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਹੋ ਸਕਦਾ ਹੈ, ਜਿਸ ਦੀ ਜਾਂਚ ਤੋਂ ਬਾਅਦ ਸਾਰਾ ਪਤਾ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਤਰਨਤਾਰਨ ਦੇ ਫਾਇਰ ਕਰਮਚਾਰੀ ਅਮਨਜੀਤ ਸਿੰਘ, ਹਰਜੀਤ ਸਿੰਘ ਸਾਹਿਲ ਚਾਵਲਾ ਨਿਤੀਸ਼ ਦੀ ਟੀਮ ਨੇ ਮੌਕੇ 'ਤੇ ਜਾ ਕੇ ਆਸ-ਪਾਸ ਦੀ ਕਣਕ ਨੂੰ ਸੜਣ ਤੋਂ ਰੋਕ ਦਿੱਤਾ। ਕਿਸਾਨ ਨੇ ਦੱਸਿਆ ਕਿ ਹਵਾ ਤੇਜ਼ ਹੋਣ ਦੇ ਬਾਵਜੂਦ ਆਸ-ਪਾਸ ਦੀ ਕਣਕ ਨੂੰ ਮੌਕੇ 'ਤੇ ਸਾਵਧਾਨੀ ਨਾਲ ਅੱਗ ਲੱਗਣ ਤੋਂ ਬਚਾ ਲਿਆ ਗਿਆ।

ਇਸੇ ਤਰ੍ਹਾਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਨਾਲ ਨਿੱਕਲੀ ਚੰਗਿਆੜੀ ਕਰਕੇ 12 ਕਿੱਲੇ ਪੱਕੀ ਹੋਈ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਕਿਸਾਨ ਦੇਸਾ ਸਿੰਘ , ਕਿਸਾਨ ਨਿਰਮਲ ਸਿੰਘ ਤੇ ਰਛਪਾਲ ਸਿੰਘ ਕਿ ਅੱਜ ਦੁਪਹਿਰ ਕਰੀਬ 1 ਵਜੇ ਸਾਡੇ ਖੇਤ ਜੋ ਕਿ ਬਿਜਲੀ ਆਸਲ ਘਰ ਦੇ ਨੇੜੇ ਹਨ 'ਚ ਬਿਜਲੀ ਦੀਆਂ ਤਾਰਾਂ ਸਪਾਰਕ ਹੋਈਆਂ ਅਤੇ ਚੰਗਿਆੜੀ ਨਿਕਲਣ ਨਾਲ ਸਾਡੀ ਕ੍ਰਮਵਾਰ 8 ਕਿੱਲੇ ਅਤੇ 4 ਕਿੱਲੇ 'ਚ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅੱਗ 'ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਘਟਨਾ ਦੀ ਸੂਚਨਾ ਪੱਟੀ ਸਦਰ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਸਦਰ ਪੁਲਸ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਅੱਗ 'ਤੇ ਕਾਬੂ ਪਾਇਆ।


author

Baljeet Kaur

Content Editor

Related News