ਵਾਰੰਟ ਲੈ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਆਈ ਪੁਲਸ ''ਤੇ ਲੋਕਾਂ ਵਲੋਂ ਹਮਲਾ

Tuesday, Jul 02, 2019 - 12:09 PM (IST)

ਵਾਰੰਟ ਲੈ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਆਈ ਪੁਲਸ ''ਤੇ ਲੋਕਾਂ ਵਲੋਂ ਹਮਲਾ

ਤਰਨਤਾਰਨ (ਰਾਜੂ) - ਭਿੱਖੀਵਿੰਡ ਦੇ ਪਿੰਡ ਮਰਗਿੰਦਪੁਰਾ 'ਚ ਐੱਨ. ਡੀ. ਪੀ. ਐੱਸ. ਐਕਟ 'ਚ ਲੋੜੀਂਦੇ ਮੁਲਜ਼ਮ ਨੂੰ ਅਦਾਲਤ ਵਲੋਂ ਜਾਰੀ ਕੀਤੇ ਵਾਰੰਟ ਤਹਿਤ ਗ੍ਰਿਫ਼ਤਾਰ ਕਰਨ ਗਈ ਪੁਲਸ ਨੂੰ ਲੋਕਾਂ ਵਲੋਂ ਭਾਜੜਾ ਪਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੂੰ ਕਾਬੂ ਕਰਨ ਗਈ ਪੁਲਸ 'ਤੇ ਲੋਕਾਂ ਨੇ ਹਮਲਾ ਕਰਕੇ ਮੁਲਜ਼ਮ ਨੂੰ ਭਜਾ ਦਿੱਤਾ, ਜਿਸ ਤੋਂ ਬਾਅਦ ਥਾਣਾ ਕੱਚਾ ਪੱਕਾ ਦੀ ਪੁਲਸ ਨੇ 8 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਮਰਗਿੰਦਪੁਰਾ ਨਿਵਾਸੀ ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਕਰਮ ਸਿੰਘ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਹੈ ਅਤੇ ਉਕਤ ਮੁਲਜ਼ਮ ਨੂੰ ਮਾਣਯੋਗ ਪੀ. ਐੱਸ. ਰਾਏ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਦੀ ਅਦਾਲਤ ਵਲੋਂ ਗ੍ਰਿਫ਼ਤਾਰ ਕਰਨ ਸਬੰਧੀ ਵਾਰੰਟ ਜਾਰੀ ਕੀਤਾ ਗਿਆ ਹੈ। 

ਬੀਤੀ ਸ਼ਾਮ ਜਦੋਂ ਉਹ ਪੁਲਸ ਪਾਰਟੀ ਸਣੇ ਵਾਰੰਟ ਨਾਲ ਲੈ ਕੇ ਸੁਖਚੈਨ ਨੂੰ ਗ੍ਰਿਫ਼ਤਾਰ ਕਰਨ ਪੁੱਜੇ ਤਾਂ ਕੁਝ ਲੋਕਾਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ। ਉਕਤ ਲੋਕਾਂ ਨੇ ਪੁਲਸ ਪਾਰਟੀ ਨਾਲ ਹੱਥੋਂਪਾਈ ਕਰਦੇ ਹੋਏ ਸੁਖਚੈਨ ਨੂੰ ਛੁਡਵਾ ਕੇ ਭਜਾ ਦਿੱਤਾ। ਇਸ ਸਬੰਧੀ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਦ ਕਿ ਮੁਲਜ਼ਮ ਫਰਾਰ ਹੋ ਗਏ। ਉਧਰ ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਵਿਭਾਗੀ ਕਾਰਵਾਈ 'ਚ ਵਿਘਨ ਪਾਉਣ ਅਤੇ ਪੁਲਸ ਪਾਰਟੀ ਨਾਲ ਹੱਥੋਂਪਾਈ ਕਰਨ ਦੇ ਦੋਸ਼ਾਂ ਤਹਿਤ ਸੁਖਚੈਨ ਸਿੰਘ ਉਰਫ ਚੈਨਾ, ਸਵਿੰਦਰ ਕੌਰ, ਕੁਲਵਿੰਦਰ ਕੌਰ, ਰੁਪਿੰਦਰ ਕੌਰ, ਨੌਕਰ ਜਗਰੂਪ ਸਿੰਘ ਉਰਫ ਕਾਲੂ, ਹਰਦੀਪ ਸਿੰਘ ਉਰਫ ਜੱਜ, ਹਰਚੰਦ ਸਿੰਘ ਅਤੇ ਕੁਲਦੀਪ ਸਿੰਘ ਵਿਰੁੱਧ ਮੁਕੱਦਮਾ ਨੰਬਰ 38 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

rajwinder kaur

Content Editor

Related News