ਤਰਨਤਾਰਨ ''ਚ ਲੁਟੇਰਿਆਂ ਦਾ ਰਾਜ, ਤਿੰਨ ਵਾਰਦਾਤਾਂ ਨੂੰ ਦਿੱਤਾ ਅੰਜਾਮ

02/20/2020 1:59:59 PM

ਪੱਟੀ (ਸੌਰਭ) : ਪੱਟੀ ਸ਼ਹਿਰ ਵਿਖੇ ਦਿਨ-ਦਿਹਾੜੇ ਲੁੱਟਾਂ-ਖੋਹਾਂ ਨਾਲ ਸ਼ਹਿਰ ਨਿਵਾਸੀਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਪੁਲਸ ਵੀ ਗਹਿਰੀ ਨੀਂਦ ਸੁੱਤੀ ਪਈ ਹੈ। ਪੱਟੀ ਸ਼ਹਿਰ ਵਿਖੇ 3 ਵਾਰਦਾਤਾਂ ਹੋਣ ਨਾਲ ਸ਼ਹਿਰ ਨਿਵਾਸੀ ਸਹਿਮੇ ਹੋਏ ਹਨ। ਇਸ ਦੌਰਾਨ ਪਹਿਲੀ ਘਟਨਾ ਲਾਹੌਰ ਰੋਡ ਫਾਟਕ ਨੇੜੇ ਵਿਸ਼ਾਲ ਕਾਲੋਨੀ ਕੋਲ ਵਾਪਰੀ, ਜਿਸ 'ਚ ਮੋਟਰਸਾਈਕਲ 'ਤੇ ਸਵਾਰ 3 ਲੁਟੇਰੇ ਆਏ ਤਾਂ ਉਨ੍ਹਾਂ ਨੇ ਰੋਡਵੇਜ਼ ਦੇ ਡਰਾਈਵਰ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੂੰ ਘੇਰ ਲਿਆ ਅਤੇ ਉਨ੍ਹਾਂ ਦੀਆਂ ਬਾਹਾਂ ਨੂੰ ਬੰਨ੍ਹ ਕੇ ਉਨ੍ਹਾਂ ਦਾ ਮੋਬਾਇਲ, ਪਰਸ ਖੋਹ ਲਿਆ। ਡਰਾਈਵਰ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਦਾ ਮੋਬਾਇਲ ਅਤੇ ਪਰਸ ਖੋਹ ਲਿਆ ਅਤੇ ਲੁਟੇਰੇ ਉਸ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਪਰਸ 'ਚ 4000 ਰੁਪਏ, ਏ. ਟੀ. ਐੱਮ., ਵੋਟਰ ਕਾਰਡ, ਲਾਇਸੈਂਸ, ਪੈਨ ਕਾਰਡ, ਆਧਾਰ ਕਾਰਡ, ਰੋਡਵੇਜ਼ ਸ਼ਨਾਖਤੀ ਕਾਰਡ ਸ਼ਾਮਲ ਸਨ। ਇਸ ਸਬੰਧੀ ਪੁਲਸ ਥਾਣਾ ਸਿਟੀ ਪੱਟੀ ਵਿਖੇ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਰਾਜਵਿੰਦਰ ਕੌਰ ਪਤਨੀ ਸੁਰਿੰਦਰ ਪਾਲ ਸਿੰਘ ਨਿਵਾਸੀ ਨਿਰੰਕਾਰੀ ਭਵਨ ਪੱਟੀ ਨੇ ਦੱਸਿਆ ਕਿ ਉਹ ਮੇਨ ਬਾਜ਼ਾਰ ਵਿਖੇ ਸਾਮਾਨ ਲੈਣ ਜਾ ਰਹੀ ਸੀ ਅਤੇ ਮੋਟਰਸਾਈਕਲ ਸਵਾਰ 3 ਲੁਟੇਰੇ ਆਏ ਤਾਂ ਉਹ ਮੇਰਾ ਪਰਸ ਖੋਹ ਕੇ ਫਰਾਰ ਹੋ ਗਏ। ਉਸ ਦੇ ਪਰਸ 'ਚ 1750 ਰੁਪਏ, ਲੇਡੀਜ਼ ਸੂਟ ਵਾਲੇ ਗਲੇ, ਮੋਬਾਇਲ ਫੋਨ, 1 ਸੋਨੇ ਦੀ ਮੁੰਦਰੀ ਅਤੇ ਹੋਰ ਕਾਗਜ਼ ਪੱਤਰ ਸਨ। ਉਨ੍ਹਾਂ ਨੇ ਦੱਸਿਆ ਕਿ ਪੱਟੀ ਪੁਲਸ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਸਰਬਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਭੱਗੂਪੁਰ ਨੇ ਦੱਸਿਆ ਕਿ ਦੁਪਹਿਰ ਵੇਲੇ ਅਸੀਂ ਪੱਟੀ ਸ਼ਹਿਰ ਵਿਖੇ ਬੈਂਕ ਦੇ ਕੰਮ ਨੂੰ ਜਾ ਰਹੇ ਸੀ ਤਾਂ ਆਸਲ ਪਿੰਡ ਨੇੜੇ ਮੋਟਰਸਾਈਕਲ ਲੁਟੇਰਿਆਂ ਨੇ ਸਾਨੂੰ ਘੇਰ ਲਿਆ ਅਤੇ ਮੇਰੀ ਪਤਨੀ ਪਰਮਜੀਤ ਕੌਰ ਦਾ ਪਰਸ ਖੋਹ ਲਿਆ। ਉਨ੍ਹਾਂ ਨੇ ਦੱਸਿਆ ਕਿ ਪਰਸ 'ਚ 5 ਹਜ਼ਾਰ ਰੁਪਏ, ਮੋਬਾਇਲ, ਬੈਂਕ ਕਾਪੀ, ਆਧਾਰ ਕਾਰਡ, ਪੈਨ ਕਾਰਡ ਸ਼ਾਮਲ ਸੀ। ਉਨ੍ਹਾਂ ਨੇ ਦੱਸਿਆ ਕਿ ਪਰਸ ਖੋਹਣ ਵੇਲੇ ਮੇਰੀ ਪਤਨੀ ਸੜਕ 'ਤੇ ਡਿੱਗ ਗਈ, ਡਿੱਗਣ ਕਰ ਕੇ ਉਹ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੱਟੀ ਸਿਟੀ ਪੁਲਸ ਨੂੰ ਮਾਮਲੇ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।ਇਸ ਸਬੰਧੀ ਥਾਣਾ ਮੁਖੀ ਸਿਟੀ ਪੱਟੀ ਹਰਮਨਜੀਤ ਸਿੰਘ ਨੇ ਕਿਹਾ ਕਿ ਲੁੱਟਾਂ-ਖੋਹਾਂ ਦੇ ਮਾਮਲੇ ਸਬੰਧੀ ਪੱਟੀ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਪੀੜਤਾਂ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ।


Baljeet Kaur

Content Editor

Related News