ਪੁਲਵਾਮਾ ਹਮਲੇ ''ਚ ਗਵਾਇਆ ਸੀ ਸਿਰ ਦਾ ਸਾਈ, ਸਰਕਾਰ ਭੁੱਲੀ ਸ਼ਹਾਦਤ
Wednesday, Feb 12, 2020 - 01:59 PM (IST)
ਤਰਨਤਾਰਨ (ਰਮਨ) : ਸ਼੍ਰੀਨਗਰ ਦੇ ਪੁਲਵਾਮਾ ਖੇਤਰ ਅਧੀਨ ਆਉਂਦੇ ਆਵੰਤੀਪੁਰਾ ਇਲਾਕੇ 'ਚ 14 ਫਰਵਰੀ 2019 ਨੂੰ ਇਕ ਸੀ. ਆਰ. ਪੀ. ਐੱਫ. ਦੀ 76 ਬਟਾਲੀਅਨ ਬੱਸ ਨੂੰ ਫਿਦਾਈਨੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ, ਜਿਸ ਦੌਰਾਨ ਦੇਸ਼ ਦੇ 44 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ, ਜਿਸ 'ਚ ਜ਼ਿਲਾ ਤਰਨਤਾਰਨ ਦੇ ਪਿੰਡ ਗੰਡੀਵਿੰਡ ਦਾ ਇਕ ਸੁਖਜਿੰਦਰ ਸਿੰਘ ਨਾਮਕ ਜਵਾਨ ਵੀ ਸ਼ਹੀਦ ਹੋ ਗਿਆ ਸੀ। ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਪਤਨੀ ਨੂੰ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਸ਼ਹੀਦ ਦੇ ਭੋਗ ਸਮੇਂ ਪਰਿਵਾਰ ਨੂੰ ਸਿਰਫ 5 ਲੱਖ ਰੁਪਏ ਦਾ ਚੈੱਕ ਦੇਣ ਉਪਰੰਤ ਕੈਪਟਨ ਸਰਕਾਰ ਬਕਾਇਆ 7 ਲੱਖ ਰੁਪਏ ਦੇਣਾ ਭੁੱਲ ਗਈ ਹੈ। ਇੰਨਾ ਹੀ ਨਹੀਂ ਦੇਸ਼ ਲਈ ਸ਼ਹੀਦ ਹੋਏ ਸੁਖਜਿੰਦਰ ਦੀ ਪਤਨੀ ਸਰਬਜੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਚਪੜਾਸੀ ਦੀ ਨੌਕਰੀ ਸਬੰਧੀ ਆਫਰ ਕੀਤੀ ਗਈ ਹੈ, ਜਿਸ ਨੂੰ ਹਾਸਲ ਕਰਨ ਲਈ ਸਰਬਜੀਤ ਕੌਰ ਸਰਕਾਰੀ ਦਫ਼ਤਰਾਂ 'ਚ ਰੋਜ਼ਾਨਾ ਚੱਕਰ ਲਾਉਣ ਲਈ ਮਜਬੂਰ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਗੰਡੀਵਿੰਡ ਜ਼ਿਲਾ ਤਰਨਤਾਰਨ 2003 ਦੌਰਾਨ ਸੀ. ਆਰ. ਪੀ. ਐੱਫ. 'ਚ ਭਰਤੀ ਹੋਇਆ। ਜਦੋਂ 14 ਫਰਵਰੀ ਵਾਲੇ ਦਿਨ ਸੀ. ਆਰ. ਪੀ. ਐੱਫ. ਦੀ ਬੱਸ ਸਰਕਾਰੀ ਕੈਂਪ ਤੋਂ ਨਿਕਲ ਕੇ ਕਿਸੇ ਹੋਰ ਥਾਂ ਲਈ ਡਿਊਟੀ ਸਬੰਧੀ ਰਵਾਨਾ ਹੋਈ ਤਾਂ ਇਸ ਬੱਸ ਨੂੰ ਇਕ ਭਿਆਨਕ ਫਿਦਾਈਨੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਬੱਸ ਸਵਾਰ 44 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਇਸ ਦੁਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਸਮੁੱਚੇ ਦੇਸ਼ ਅੰਦਰ ਅੱਤਵਾਦ ਖਿਲਾਫ ਗੁੱਸਾ ਸੜਕਾਂ 'ਤੇ ਆ ਗਿਆ ਸੀ। ਹਮਲੇ 'ਚ ਪੰਜਾਬ ਭਰ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ 12-12 ਲੱਖ ਰੁਪਏ ਅਤੇ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤਹਿਤ ਸ਼ਹੀਦ ਸੁਖਜਿੰਦਰ ਸਿੰਘ ਦੇ ਭੋਗ ਸਮੇਂ ਪਰਿਵਾਰ ਨੂੰ ਢਾਈ ਲੱਖ ਰੁਪਏ ਦਾ ਚੈੱਕ ਉਸ ਦੀ ਪਤਨੀ ਅਤੇ ਢਾਈ ਲੱਖ ਰੁਪਏ ਦਾ ਚੈੱਕ ਮਾਤਾ-ਪਿਤਾ ਨੂੰ ਜਾਰੀ ਕੀਤਾ ਗਿਆ ਸੀ। ਪਰ ਬਾਕੀ ਦੀ ਬਕਾਇਆ 7 ਲੱਖ ਰੁਪਏ ਦੀ ਰਾਸ਼ੀ ਇਕ ਸਾਲ ਬੀਤ ਜਾਣ ਦੇ ਬਾਵਜੂਦ ਪਰਿਵਾਰ ਨੂੰ ਜਾਰੀ ਨਹੀਂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਸੁਖਜਿੰਦਰ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਹੁਣ ਚਪੜਾਸੀ ਦੀ ਨੌਕਰੀ ਕਰਨ ਦੇ ਪੇਸ਼ਕਸ਼ ਸਰਕਾਰ ਵਲੋਂ ਕੀਤੀ ਗਈ ਹੈ, ਜੋ ਉਹ ਕਰਨ ਲਈ ਮਜਬੂਰ ਹੋਵੇਗੀ। ਸਰਬਜੀਤ ਕੌਰ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਸ ਦੇ ਪਤੀ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਸਰਕਾਰ ਉਨ੍ਹਾਂ ਨਾਲ ਮਜ਼ਾਕ ਕਰ ਰਹੀ ਹੈ। ਉਸ ਨੇ ਦੱਸਿਆ ਕਿ ਭਰੀ ਜਵਾਨੀ 'ਚ ਉਹ ਵਿਧਵਾ ਹੋ ਗਈ ਅਤੇ ਉਸ ਦਾ ਡੇਢ ਸਾਲ ਦਾ ਬੇਟਾ ਗੁਰਜੋਤ ਅੱਜ ਵੀ ਪਿਤਾ ਦੀ ਫੋਟੋ ਵੇਖ ਪਾਪਾ-ਪਾਪਾ ਕਹਿਣੋ ਨਹੀਂ ਥੱਕਦਾ, ਜਿਸ ਦੇ ਭਵਿੱਖ ਦੀ ਉਸ ਨੂੰ ਬਹੁਤ ਚਿੰਤਾ ਸਤਾ ਰਹੀ ਹੈ। ਉਸ ਨੇ ਦੱਸਿਆ ਕਿ ਸਰਕਾਰ ਵਲੋਂ ਇਕ ਸਾਲ ਪਹਿਲਾਂ 12 ਲੱਖ ਰੁਪਏ ਦੀ ਰਾਸ਼ੀ ਦੇ ਐਲਾਨ ਉਪਰੰਤ ਸਿਰਫ 5 ਲੱਖ ਰੁਪਏ ਹੀ ਜਾਰੀ ਕੀਤੇ ਗਏ ਜਦਕਿ ਬਕਾਇਆ 7 ਲੱਖ ਰੁਪਏ ਲੈਣ ਲਈ ਉਹ ਸਰਕਾਰ ਨੂੰ ਕਈ ਵਾਰ ਬੇਨਤੀ ਕਰ ਚੁੱਕੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।