ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਪਰਿਵਾਰ ਸਮੇਤ ਡੀ.ਸੀ. ਦਫਤਰ ਅੱਗੇ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ

01/30/2020 4:03:29 PM

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸਭਰਾਂ 'ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਪਰਿਵਾਰ ਸਮੇਤ ਡੀ.ਸੀ. ਦਫਤਰ ਅੱਗੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਪੀੜਤ ਕਿਸਾਨ ਸਕੱਤਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 7 ਏਕੜ ਵਾਹੀਯੋਗ ਜ਼ਮੀਨ ਪਿੰਡ ਸਭਰਾਂ ਦੇ ਨਾਲ ਲੱਗਦੀ ਹੈ, ਜਿਸ ਵਿਚ ਪਿੰਡ ਦਾ ਗੰਦਾ ਪਾਣੀ ਪੈਂਦਾ ਸੀ। ਗੰਦੇ ਪਾਣੀ ਕਾਰਨ ਹਰ ਵਾਰ ਫਸਲ ਖਰਾਬ ਹੁੰਦੀ ਰਹੀ, ਜਿਸ ਕਾਰਨ ਮਜ਼ਬੂਰ ਹੋ ਕੇ ਅਸੀਂ ਜ਼ਮੀਨ ਵਿਚ ਮਿੱਟੀ ਪਾਉਣ ਲਈ ਲੈਂਡ ਮਾਰਕ ਬੈਂਕ ਪੱਟੀ ਤੋਂ ਕੁਝ ਸਾਲ ਪਹਿਲਾਂ ਚਾਰ ਲੱਖ ਰੁਪਏ ਦਾ ਕਰਜ਼ਾ ਲਿਆ ਤਾਂ ਕਿ ਸਾਡੀ ਫਸਲ ਸਹੀ ਹੋਵੇਗੀ ਪਰ ਫਸਲ ਮਿੱਟੀ ਪਾਉਣ ਦੇ ਬਾਵਜੂਦ ਵੀ ਖਰਾਬ ਹੁੰਦੀ ਰਹੀ। ਇਸ ਕਾਰਨ ਚਾਰ ਲੱਖ ਦਾ ਕਰਜ਼ਾ ਵੱਧ ਕੇ ਵਿਆਜ ਪੈ ਕੇ 10 ਲੱਖ ਦੇ ਨੇੜੇ ਬਣ ਗਿਆ, ਜਿਸ ਕਾਰਨ ਸਾਡੇ ਤੋਂ ਬੈਂਕ ਨੂੰ ਕਰਜ਼ਾ ਨਾ ਮੋੜਿਆ ਗਿਆ ਤੇ ਸਾਨੂੰ ਮਜ਼ਬੂਰ ਹੋ ਕੇ ਕਰਜ਼ਾ ਲਈ ਸੱਤ ਏਕੜ ਜ਼ਮੀਨ ਵਿਚੋਂ ਤਿੰਨ ਏਕੜ ਜ਼ਮੀਨ ਵੇਚਣੀ ਪਈ, ਜਿਸ ਨਾਲ ਕੁਝ ਕਰਜ਼ਾ ਵਾਪਸ ਕੀਤਾ ਪਰ ਹੁਣ ਫਿਰ ਉਹੀ ਕਰਜ਼ਾ ਅੱਠ ਲੱਖ ਰੁਪਏ ਦੇ ਨਜ਼ਦੀਕ ਬਣ ਚੁੱਕਾ ਹੈ।

ਪੀੜਤ ਕਿਸਾਨ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ, ਜੋ ਰਾਤ ਦਿਨ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਲੈਂਡ ਮਾਰਕ ਬੈਂਕ ਬੈਂਕ ਪੱਟੀ ਦੇ ਕੁਝ ਮੁਲਾਜ਼ਮ ਆਏ ਅਤੇ ਮੈਨੂੰ ਫੜ ਕੇ ਆਪਣੇ ਨਾਲ ਲੈ ਗਏ, ਜਿੱਥੇ ਜ਼ਬਰਦਸਤੀ ਉਹ ਮੈਨੂੰ ਕਰਜ਼ਾ ਮੋੜਨ ਲਈ ਕਹਿੰਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਤੂੰ ਕਰਜ਼ਾ ਵਾਪਸ ਨਹੀਂ ਕੀਤਾ ਤਾਂ ਤੇਰੀ ਜ਼ਮੀਨ ਦੀ ਕੁਰਕੀ ਕਰ ਦੇਵਾਂਗੇ। ਇਸ ਸਾਰੀ ਘਟਨਾ ਸੰਬੰਧੀ ਮੇਰੇ ਪਿਤਾ ਹਰਬੰਸ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੁਝ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੂੰ ਨਾਲ ਲਿਜਾ ਕੇ ਬੈਂਕ ਵਾਲਿਆਂ ਨੂੰ ਵਾਅਦਾ ਕੀਤਾ ਕਿ ਉਹ ਕੁਝ ਦਿਨਾਂ ਬਾਅਦ ਤੁਹਾਨੂੰ ਪੰਜਾਹ ਹਜ਼ਾਰ ਰੁਪਏ ਦੇ ਦੇਣਗੇ ਤਾਂ ਉਨ੍ਹਾਂ ਨੇ ਮੈਨੂੰ ਛੱਡਿਆ। ਉਨ੍ਹਾਂ ਕਿਹਾ ਕਿ ਸਾਡੇ ਘਰ 'ਚ ਦੋ ਵਕਤ ਦੀ ਰੋਟੀ ਖਾਣ ਨੂੰ ਨਹੀਂ ਹੈ ਤਾਂ ਪੰਜਾਹ ਹਜ਼ਾਰ ਰੁਪਏ ਕਿੱਥੋਂ ਅਸੀਂ ਬੈਂਕ ਨੂੰ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇ ਬੈਂਕ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਤਾਂ ਮਜਬੂਰ ਹੋ ਕੇ ਸਾਨੂੰ ਡੀ.ਸੀ. ਦਫਤਰ ਅੱਗੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨੀ ਪਵੇਗੀ। ਪੀੜਤ ਕਿਸਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਕਰਜ਼ਾ ਮਾਫੀ ਦੇ ਫਾਰਮ ਵੀ ਭਰੇ ਗਏ ਸਨ ਪਰ ਉਨ੍ਹਾਂ ਦਾ ਕੋਈ ਵੀ ਕਰਜ਼ਾ ਮੁਆਫ ਨਹੀਂ ਹੋਇਆ ਜਿਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।


Baljeet Kaur

Content Editor

Related News