ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਲਗਾਇਆ ਧਰਨਾ
Saturday, Jun 22, 2019 - 04:05 PM (IST)

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਜੰਡਿਆਲਾ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਅਲੀ ਵਾਸੀ ਰਿੰਡ ਡੁਗਰੀ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਜੰਡਿਆਲਾ ਰੋਡ ਸਥਿਤ ਇਕ ਹਸਪਤਾਲ 'ਚ ਸਿਜ਼ੇਰੀਅਨ ਡਿਲੀਵਰੀ ਹੋਈ ਸੀ। ਡਿਲੀਵਰੀ ਤੋਂ 5 ਮਿੰਟ ਬਾਅਦ ਹੀ ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਕਿਸੇ ਹੋਰ ਹਸਪਤਾਲ 'ਚ ਲੈ ਜਾਓ। ਦੂਜੇ ਹਸਪਤਾਲ 'ਚ ਰੈਫਰ ਕਰਦੇ ਸਮੇਂ ਕਰਦੇ ਸਮੇਂ ਪ੍ਰਬੰਧਕਾਂ ਨੇ ਆਕਸੀਜਨ ਦਾ ਪ੍ਰਬੰਧ ਨਹੀਂ ਕੀਤਾ ਤੇ ਇਲਾਜ 'ਚ ਵੀ ਲਾਪਰਵਾਈ ਕੀਤੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਧਰਨਾ ਲਗਾ ਕੇ ਮੰਗ ਕੀਤੀ ਕਿ ਹਸਪਤਾਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾਕਟਰ ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲ ਗਈ ਹੈ ਤੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।