ਧੁੰਦ ''ਚ ਡਰੋਨ ਰਾਹੀਂ ਦੁਬਾਰਾ ਹਥਿਆਰ ਪੁੱਜਣ ਦੇ ਮੱਦੇਨਜ਼ਰ ਹੋਇਆ ਅਲਰਟ ਜਾਰੀ

Friday, Dec 20, 2019 - 03:22 PM (IST)

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ 4 ਸਤੰਬਰ ਦੀ ਰਾਤ ਨੂੰ ਇਕ ਖਾਲੀ ਪਲਾਟ 'ਚ ਹੋਏ ਬੰਬ ਧਮਾਕੇ ਤੋਂ ਕੁੱਝ ਦਿਨ ਬਾਅਦ ਹੀ 22 ਸਤੰਬਰ ਦੀ ਰਾਤ ਕਾਊਂਟਰ ਇੰਟੈਲੀਜੈਂਸ ਟੀਮ ਵਲੋਂ ਕਸਬਾ ਚੋਹਲਾ ਸਾਹਿਬ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਨੂੰ ਵੱਡੀ ਗਿਣਤੀ 'ਚ ਹਥਿਆਰਾਂ ਅਤੇ 10 ਲੱਖ ਰੁਪਏ ਦੀ ਭਾਰਤੀ ਜਾਅਲੀ ਕਰੰਸੀ ਤੋਂ ਇਲਾਵਾ ਵਾਇਰਲੈੱਸ ਸੈੱਟਾਂ, ਬੁਲੇਟ ਪਰੂਫ ਜੈਕਟਾਂ ਸਣੇ ਕਾਬੂ ਕੀਤਾ ਗਿਆ ਸੀ, ਜਿਸ ਦੀ ਵਰਤੋਂ ਇਨ੍ਹਾਂ ਅੱਤਵਾਦੀਆਂ ਵਲੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮਾਲਾ ਮਾਲ ਕਰਦੇ ਹੋਏ ਅੱਤਵਾਦ ਨਾਲ ਜੋੜਣ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸੀ। ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਵਲੋਂ ਇਹ ਹਥਿਆਰ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਮੰਗਵਾਏ ਗਏ ਸਨ। ਇਹ ਦੋਵੇਂ ਮਾਮਲੇ ਭਾਰਤੀ ਸੁਰੱਖਿਆ ਨਾਲ ਜੁੜੇ ਹੋਣ ਕਾਰਣ ਇਸ ਦੀ ਜਾਂਚ ਦੇਸ਼ ਦੀ ਐੱਨ. ਆਈ. ਏ. ਟੀਮ ਨੂੰ ਸੌਂਪ ਦਿੱਤੀ ਗਈ ਸੀ ਜੋ ਅੱਜ ਵੀ ਜਾਂਚ ਕਰ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁੱਝ ਖੁਫੀਆ ਏਜੰਸੀਆਂ ਵਲੋਂ ਸ਼ੁਰੂ ਹੋਈ ਧੁੰਦ ਨੂੰ ਮੁੱਖ ਰੱਖਦੇ ਹੋਏ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਵਲੋਂ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਦੁਬਾਰਾ ਡਰੋਨ ਦੀ ਮਦਦ ਨਾਲ ਪੰਜਾਬ 'ਚ ਹਥਿਆਰ ਅਤੇ ਬੁਲੇਟ ਪਰੂਫ ਜੈਕਟਾਂ ਭੇਜਣ ਦਾ ਅਲਰਟ ਬੀ. ਐੱਸ. ਐੱਫ. ਨੂੰ ਜਾਰੀ ਕੀਤੇ ਜਾਣ ਉਪਰੰਤ ਸਰਹੱਦ ਉੱਪਰ ਸੁਰੱਖਿਆ ਦੇ ਮੱਦੇਨਜ਼ਰ ਚੌਕਸੀ ਅਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਉਕਤ ਦੋਵਾਂ ਮਾਮਲਿਆਂ 'ਚ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ, ਬੱਬਰ ਖਾਲਸਾ ਇੰੰਟਰਨੈਸ਼ਨਲ ਸੰਗਠਨ ਅਤੇ ਹੋਰਾਂ ਦੇ ਸਬੰਧ ਪਾਕਿਸਤਾਨ 'ਚ ਬੈਠੇ ਰਣਜੀਤ ਸਿੰਘ ਨੀਟਾ ਅਤੇ ਜਰਮਨ, ਆਸਟਰੇਲੀਆ 'ਚ ਬੈਠੇ ਰੈੱਡ ਆਰਟੀਕਲਸ ਨਾਲ ਸਾਬਤ ਹੋਏ ਸਨ, ਜਿਸ ਤਹਿਤ ਪਾਕਿਸਤਾਨ 'ਚ ਬੈਠਾ ਰਣਜੀਤ ਸਿੰਘ ਨੀਟਾ ਅੱਜ ਵੀ ਜ਼ਿਲਾ ਤਰਨਤਾਰਨ 'ਚ ਮੌਜੂਦ ਕੁੱਝ ਰੈੱਡ ਆਰਟੀਕਲਸ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਸਾਜ਼ਿਸ਼ ਰਚਦਾ ਹੋਇਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ 'ਚ ਹੈ, ਜਿਸ ਵਲੋਂ ਦੁਬਾਰਾ ਡਰੋਨ ਦੀ ਮਦਦ ਨਾਲ ਪਹਿਲਾਂ ਵਾਂਗ ਮੋਟੀਆਂ ਰਕਮਾਂ ਦੇ ਲਾਲਚ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਵਿਰੋਧੀ ਬਣਾਉਣ ਦੇ ਮਕਸਦ ਨਾਲ ਤਿਆਰੀ ਜਾਰੀ ਹੈ, ਜਿਸ ਤਹਿਤ ਉਹ ਡਰੋਨ ਦੀ ਮਦਦ ਨਾਲ ਖੇਮਕਰਨ ਸੈਕਟਰ ਰਾਹੀਂ ਦੁਬਾਰਾ ਹਥਿਆਰਾਂ ਅਤੇ ਬੁਲੇਟ ਪਰੂਫ ਜੈਕਟਾਂ ਤੋਂ ਇਲਾਵਾ ਹੋਰ ਜ਼ਰੂਰੀ ਸਾਮਾਨ ਜ਼ਿਲੇ ਅੰਦਰ ਭੇਜਣ ਦੀ ਫਿਰਾਕ 'ਚ ਫਿਰ ਤੋਂ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੁਫੀਆ ਏਜੰਸੀਆਂ ਵਲੋਂ ਡਰੋਨ ਰਾਹੀਂ ਦੁਬਾਰਾ ਧੁੰਦ ਦੇ ਦਿਨਾਂ ਦੌਰਾਨ ਸਰਹੱਦ ਰਾਹੀਂ ਹਥਿਆਰ ਭੇਜੇ ਜਾ ਸਕਦੇ ਹਨ, ਜਿਸ ਤਹਿਤ ਬੀ. ਐੱਸ. ਐੱਫ. ਵਲੋਂ ਸਰਹੱਦ ਉੱਪਰ 24 ਘੰਟੇ ਚੌਕਸੀ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।

ਰਣਜੀਤ ਸਿੰਘ ਨੀਟਾ ਵਲੋਂ ਚਾਈਨਾ ਤੋਂ ਮੰਗਵਾਏ ਗਏ ਡਰੋਨਾਂ ਨੂੰ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਨੁਕਸਾਨ ਪਹੁੰਚਾਉਣ ਲਈ ਵਰਤੋਂ 'ਚ ਲਿਆਂਦਾ ਜਾਣਾ ਸੀ ਪਰੰਤੂ ਪੰਡੋਰੀ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਹਰਜੀਤ ਸਿੰਘ ਹੀਰਾ, ਗੁਰਜੰਟ ਸਿੰਘ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ ਜ਼ਿਲਾ ਤਰਨਤਾਰਨ ਦੇ ਪਿੰਡ ਵੜਿੰਗ ਨਿਵਾਸੀ ਬਾਬਾ ਬਲਵੰਤ ਸਿੰਘ ਅਤੇ ਹੋਰਾਂ ਤੱਕ ਪੁਲਸ ਨੂੰ ਪੁੱਜਣ ਦੇ ਸੰਕੇਤ ਪ੍ਰਾਪਤ ਹੋਏ ਸਨ, ਜਿਸ ਤਹਿਤ ਪੁਲਸ ਵਲੋਂ ਇਕ ਕਾਰ ਸਮੇਤ ਵੱਡੀ ਗਿਣਤੀ 'ਚ ਏ. ਕੇ. 47 ਰਾਈਫਲਾਂ ਅਤੇ ਗੋਲੀ ਸਿੱਕਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਸੀ ਜੋ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਖੇਮਕਰਨ ਸੈਕਟਰ ਰਾਹੀਂ ਭਾਰਤ ਪੁੱਜੇ ਸਨ, ਜਿਸ ਦੀ ਜਾਂਚ ਹੁਣ ਤੱਕ ਐੱਨ. ਆਈ. ਏ. ਟੀਮਾਂ ਵਲੋਂ ਕੀਤੀ ਜਾ ਰਹੀ ਹੈ।

ਉੱਧਰ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਐੱਨ. ਆਈ. ਏ. ਟੀਮਾਂ ਰੋਜ਼ਾਨਾ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ 'ਚ ਗੁਪਤ ਢੰਗ ਨਾਲ ਜਾਂਚ ਕਰ ਰਹੀਆਂ ਹਨ ਜੋ ਬੰਬ ਬਲਾਸਟ ਅਤੇ ਡਰੋਨ ਰਾਹੀਂ ਭਾਰਤ ਪੁੱਜੇ ਹਥਿਆਰਾਂ ਦੇ ਮਾਮਲੇ ਨਾਲ ਜੁੜੇ ਕਈ ਸ਼ੱਕੀ ਵਿਅਕਤੀਆਂ ਅਤੇ ਅੱਤਵਾਦ ਸਮੇਂ ਸਰਗਰਮ ਰਹਿ ਚੁੱਕੇ ਲੋਕਾਂ ਦੇ ਚਾਲ ਚਲਣ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਨ੍ਹਾਂ ਟੀਮਾਂ ਵਲੋਂ ਪਾਕਿਸਤਾਨ ਤੋਂ ਭਾਰਤ ਪੁੱਜੇ ਕੁੱਝ ਡਰੋਨਾਂ ਦੀ ਭਾਲ ਕਰਦੇ ਹੋਏ ਉਨ੍ਹਾਂ ਨੂੰ ਜਾਂਚ ਲਈ ਦਿੱਲੀ ਵੀ ਭੇਜਿਆ ਜਾ ਚੁੱਕਾ ਹੈ ਅਤੇ ਹੋਰਾਂ ਦੀ ਹੁਣ ਤੱਕ ਭਾਲ ਕਰ ਰਹੀ ਹੈ।

ਐੱਨ. ਆਈ. ਏ. ਟੀਮ ਵਲੋਂ ਕੀਤੀ ਜਾ ਰਹੀ ਜਾਂਚ
ਇਸ ਸਬੰਧੀ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ ਅੱਤਵਾਦੀਆਂ ਸਬੰਧੀ ਸਾਰੀ ਜਾਂਚ ਐੱਨ. ਆਈ. ਏ. ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੈੱਡ ਆਰਟੀਕਲਸ ਦੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਜਾਂਚ 'ਚ ਐੱਨ. ਆਈ. ਏ. ਟੀਮ ਦਾ ਜ਼ਿਲਾ ਪੁਲਸ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ।


Baljeet Kaur

Content Editor

Related News