16 ਦਸੰਬਰ ਨੂੰ ਹੋਵੇਗਾ ਨਵੇਂ ਅਕਾਲੀ ਦਲ ਦੇ ਨਾਂ ਦਾ ਐਲਾਨ : ਬ੍ਰਹਮਪੁਰਾ

12/06/2018 9:27:18 AM

ਤਰਨਤਾਰਨ (ਰਮਨ ਚਾਵਲਾ) : ਅਕਾਲੀ ਦਲ (ਬ) ਪਹਿਲਾਂ ਵਾਲਾ ਅਕਾਲੀ ਦਲ ਨਹੀਂ ਰਿਹਾ ਅਸਲੀ ਅਕਾਲੀ ਦਲ ਦਾ ਐਲਾਨ 16 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਉਪਰੰਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਐੱਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਪਿੰਡ ਨੌਰੰਗਾਬਾਦ ਵਿਖੇ ਗੁ. ਬਾਬਾ ਬੀਰ ਸਿੰਘ  ਵਿਖੇ ਆਪਣੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਕੀਤਾ। ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੀ ਸਰਕਾਰ ਸਮੇਂ ਸਿਰਸੇ ਵਾਲੇ ਸਾਧ ਨੂੰ ਆਪਣੇ ਨਿੱਜੀ ਲਾਭ ਲਈ ਮੁਆਫੀ ਦਿੱਤੀ ਗਈ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਕਰ ਕੇ ਅਕਾਲੀ ਦਲ 'ਤੇ ਕਬਜ਼ਾ ਜਮਾਈ ਬੈਠੇ ਹਨ ਜਿਸ ਨੂੰ ਪੰਜਾਬ ਵਾਸੀ ਚੰਗੀ ਤਰ੍ਹਾਂ ਜਾਣਦੇ ਹਨ। ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਮਨਾਉਣ ਸਬੰਧੀ ਕਈ ਵਾਰ ਫੋਨ ਆਏ ਪਰ ਬਾਦਲ ਨਾਲ ਕੋਈ ਗੱਲ ਕੀਤੀ ਗਈ। ਆਉਣ ਵਾਲੀ 16 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਵੱਡੀ ਗਿਣਤੀ ਵਿਚ ਹਾਜ਼ਰ ਵਰਕਰਾਂ ਦੇ ਇਕੱਠ ਵਿਚ ਉਹ ਨਵੇਂ ਅਕਾਲੀ ਦਲ ਜੋ 1920 ਵਿਚ ਬਣਿਆ ਸੀ ਉਸ ਦੇ ਨਾਂ ਨਾਲ ਰਲਦੇ ਮਿਲਦੇ ਨਾਂ ਦਾ ਐਲਾਨ ਕਰਨ ਜਾ ਰਹੇ ਹਨ ਜਿਸ ਤੋਂ ਬਾਅਦ ਹੜ੍ਹ ਦੇ ਰੂਪ ਵਾਂਗ ਅਕਾਲੀ ਦਲ ਬਾਦਲ ਨਾਲ ਜੁੜੇ ਵਰਕਰ ਉਨ੍ਹਾਂ ਨਾਲ ਆ ਜੁੜਨਗੇ। ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਸਾਬਕਾ ਐੱਮ.ਪੀ. ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਵਡਾਲੀ ਸਾਹਿਬ, ਸਾਬਕਾ ਵਿਧਾਇਕ ਬੋਨੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਕਈ ਹੋਰ ਸਾਥੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਬਾਦਲ ਪਾਰਟੀ ਦੇ ਸਮੂਹ ਅਹੁਦਿਆਂ ਤੋਂ ਅਸਤੀਫੇ ਦੇਣ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਨਵੇਂ ਅਕਾਲੀ ਦਲ ਦਾ ਐਲਾਨ 14 ਦਸੰਬਰ ਨੂੰ ਕੀਤਾ ਜਾਣ ਤੈਅ ਹੋਇਆ ਸੀ ਜਿਸ ਤੋਂ ਬਾਅਦ ਅੱਜ ਬ੍ਰਹਮਪੁਰਾ ਵੱਲੋਂ ਹੁਣ 16 ਦਸੰਬਰ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ 14 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਫੇਰੀ 'ਤੇ ਆ ਰਹੇ ਹਨ ਜਿਸ ਨੂੰ ਵੇਖਦੇ ਹੋਏ ਅਤੇ ਕਿਸੇ ਤਰ੍ਹਾਂ ਦੇ ਕਥਿਤ ਤੌਰ 'ਤੇ ਤਕਰਾਰ ਤੋਂ ਬਚਣ ਲਈ ਨਵੀਂ ਪਾਰਟੀ ਦੀ ਮਿਤੀ ਦੇ ਐਲਾਨ ਵਿਚ ਤਬਦੀਲੀ ਕੀਤੀ ਗਈ ਹੈ।


Baljeet Kaur

Content Editor

Related News