ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਕਾਰਣ ਐਕਟਿਵਾ ਸਵਾਰ ਲੜਕੀ ਦੀ ਮੌਤ
Saturday, Nov 02, 2019 - 11:00 AM (IST)
![ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਕਾਰਣ ਐਕਟਿਵਾ ਸਵਾਰ ਲੜਕੀ ਦੀ ਮੌਤ](https://static.jagbani.com/multimedia/2019_1image_14_36_404160000accident.jpg)
ਤਰਨਤਾਰਨ (ਰਾਜੂ) : ਸਥਾਨਕ ਗੁਰਦੁਆਰਾ ਸੰਗਤਪੁਰ ਦੇ ਸਾਹਮਣੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਚਾਲਕ ਵਲੋਂ ਟੱਕਰ ਮਾਰਨ ਨਾਲ ਜ਼ਖ਼ਮੀ ਹੋਈ ਐਕਟਿਵਾ ਸਵਾਰ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਟਰੈਕਟਰ-ਟਰਾਲੀ ਚਾਲਕ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਦਿਲਬਾਗ ਸਿੰਘ ਪੁੱਤਰ ਧੀਰ ਸਿੰਘ ਵਾਸੀ ਮਾਸਟਰ ਕਾਲੋਨੀ ਤਰਨਤਾਰਨ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਲੜਕੀ ਬਬਲਦੀਪ ਕੌਰ (19 ਸਾਲ) ਆਪਣੀ ਮਾਸੀ ਦੀ ਲੜਕੀ ਰਮਨਦੀਪ ਕੌਰ ਸਮੇਤ ਐਕਟਿਵਾ ਸਕੂਟਰੀ ਨੰ. ਪੀ ਬੀ 46 ਏ 6586 'ਤੇ ਸਵਾਰ ਹੋ ਕੇ ਬੱਸ ਸਟੈਂਡ ਤਰਨਤਾਰਨ ਨੂੰ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਗੁਰਦੁਆਰਾ ਸੰਗਤਪੁਰ ਮੁਰਾਦਪੁਰਾ ਵਿਖੇ ਪੁੱਜੀ ਤਾਂ ਇਕ ਟਰੈਕਟਰ-ਟਰਾਲੀ ਚਾਲਕ ਨੌਜਵਾਨ ਨੇ ਲਾਪਰਵਾਹੀ ਨਾਲ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਮਨਦੀਪ ਕੌਰ ਦਾ ਤਾਂ ਬਚਾਅ ਹੋ ਗਿਆ ਪਰ ਉਸ ਦੀ ਲੜਕੀ ਦੇ ਕਾਫੀ ਸੱਟਾਂ ਲੱਗੀਆਂ ਜਿਸ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ-ਟਰਾਲੀ ਚਾਲਕ ਦੀ ਪਛਾਣ ਕੋਮਲਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਅਲਾਵਲਪੁਰ, ਹਾਲ ਵਾਸੀ ਤਰਨਤਾਰਨ ਵਜੋਂ ਹੋਈ ਹੈ, ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।