ਟਾਰਗੈੱਟ ਕਿਲਿੰਗ : ਹਿੰਦੂ ਆਗੂ ਅਮਿਤ ਅਰੋੜਾ ''ਤੇ ਹਮਲੇ ਦਾ ਕੇਸ ਐੱਨ. ਆਈ. ਏ. ਅਦਾਲਤ ''ਚ ਟਰਾਂਸਫਰ
Wednesday, Jan 03, 2018 - 07:47 AM (IST)
ਲੁਧਿਆਣਾ (ਮਹਿਰਾ) - ਪੰਜਾਬ 'ਚ ਟਾਰਗੈੱਟ ਕਿਲਿੰਗ ਤਹਿਤ ਹਿੰਦੂ ਅਤੇ ਹੋਰ ਧਾਰਮਕ ਆਗੂਆਂ ਦੇ ਕਤਲਾਂ ਸਮੇਤ ਹਿੰਦੂ ਆਗੂ ਅਮਿਤ ਅਰੋੜਾ 'ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਵੀ ਐੱਨ. ਆਈ. ਏ. ਨੇ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਅੱਜ ਐੱਨ. ਆਈ. ਏ. ਦੀ ਟੀਮ ਲੁਧਿਆਣਾ ਦੀ ਸੁਸ਼ੀਲ ਬੋਧ ਦੀ ਅਦਾਲਤ ਵਿਚ ਪੇਸ਼ ਹੋਈ ਅਤੇ ਉਨ੍ਹਾਂ ਨੇ ਇਸ ਕੇਸ ਨੂੰ ਐੱਨ. ਆਈ. ਏ. ਦੇ ਸਪੁਰਦ ਕਰਨ ਦੀ ਜਾਣਕਾਰੀ ਅਦਾਲਤ ਨੂੰ ਦਿੰਦੇ ਹੋਏ ਬੇਨਤੀ ਕੀਤੀ ਕਿ ਉਪਰੋਕਤ ਮਾਮਲਾ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਭੇਜਿਆ ਜਾਵੇ, ਜਿਸ 'ਤੇ ਅਦਾਲਤ ਨੇ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਕੇਸ ਨੂੰ 16 ਜਨਵਰੀ ਤੱਕ ਸਬੰਧਤ ਅਦਾਲਤ 'ਚ ਭੇਜਣ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਇਸ ਦੌਰਾਨ ਸ਼ਿਵ ਸੈਨਾ ਹਿੰਦ ਦੇ ਉੱਤਰ ਭਾਰਤ ਦੇ ਮੁਖੀ ਅਮਿਤ ਅਰੋੜਾ ਵੀ ਅੱਜ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਏ, ਜਿਨ੍ਹਾਂ ਨੂੰ ਐੱਨ. ਆਈ. ਏ. ਵਲੋਂ ਕੇਸ ਉਨ੍ਹਾਂ ਕੋਲ ਮੋਹਾਲੀ ਵਿਚ ਟਰਾਂਸਫਰ ਕਰਨ ਲਈ ਬੁਲਾਇਆ ਗਿਆ ਸੀ। ਉਸ ਉਪਰੰਤ ਅਰੋੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਐੱਨ. ਆਈ. ਏ. 'ਤੇ ਪੂਰਾ ਭਰੋਸਾ ਹੈ। ਪੰਜਾਬ ਪੁਲਸ ਦੇ ਕੁੱਝ ਅਧਿਕਾਰੀਆਂ ਵਲੋਂ ਉਨ੍ਹਾਂ 'ਤੇ 3 ਫਰਵਰੀ, 2016 ਨੂੰ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ 'ਤੇ ਹੋਏ ਹਮਲੇ ਦੇ ਕੇਸ ਵਿਚ ਉਲਟਾ ਉਨ੍ਹਾਂ 'ਤੇ ਹੀ ਕੇਸ ਦਰਜ ਕਰ ਲਿਆ ਗਿਆ ਸੀ। ਉਹ ਐੱਨ. ਆਈ. ਏ. ਦੀ ਅਦਾਲਤ ਵਿਚ ਉਨ੍ਹਾਂ ਨੂੰ ਫਸਾਉਣ ਵਾਲੇ ਪੁਲਸ ਅਧਿਕਾਰੀਆਂ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਨਗੇ ਤੇ ਜੇਕਰ ਉਨ੍ਹਾਂ ਨੂੰ ਉਥੇ ਵੀ ਨਿਆਂ ਨਾ ਮਿਲਿਆ ਤਾਂ ਅੱਗੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਇਸੇ ਤਰ੍ਹਾਂ ਅਮਿਤ ਅਰੋੜਾ ਦੇ ਵਕੀਲ ਨੇ ਦੱਸਿਆ ਕਿ ਸਥਾਨਕ ਅਦਾਲਤ 'ਚ ਚੱਲ ਰਹੇ ਹਿੰਦੂ ਆਗੂ ਅਮਿਤ ਅਰੋੜਾ ਨਾਲ ਜੁੜੇ ਕੇਸ ਨੂੰ ਐੱਨ. ਆਈ. ਏ. ਦੀ ਅਪੀਲ 'ਤੇ ਕੇਸ ਦੀ ਫਾਈਲ ਨੂੰ ਏਜੰਸੀ ਦੀ ਮੋਹਾਲੀ ਸਥਿਤ ਸਪੈਸ਼ਲ ਅਦਾਲਤ 'ਚ ਬਦਲੀ ਕਰ ਦਿੱਤਾ ਗਿਆ ਹੈ। ਅਰੋੜਾ ਨਾਲ ਜੁੜੇ ਕੇਸ 'ਤੇ ਹੁਣ 16 ਜਨਵਰੀ ਨੂੰ ਮੋਹਾਲੀ ਵਿਚ ਐੱਨ. ਆਈ. ਏ. ਦੀ ਸਪੈਸ਼ਲ ਅਦਾਲਤ 'ਚ ਸੁਣਵਾਈ ਹੋਵੇਗੀ, ਜਿਸ ਵਿਚ ਉਹ ਆਪਣਾ ਪੱਖ ਰੱਖਣਗੇ।
