ਤੀਹਰੇ ਹੱਤਿਆ ਕਾਂਡ : 7 ਦਿਨਾਂ 'ਚ ਸੁਲਝੀ ਅੰਨ੍ਹੇ ਕਤਲ ਦੀ ਗੁੱਥੀ

05/30/2019 5:15:50 PM

ਤਰਨਤਾਰਨ (ਵਿਜੇ ਅਰੋੜਾ, ਰਮਨ ਚਾਵਲਾ, ਬਲਦੇਵ ਪੰਨੂ, ਰਾਜੂ) : ਬੀਤੇ ਵੀਰਵਾਰ ਦੀ ਦੇਰ ਰਾਤ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਢੋਟੀਆਂ ਵਿਖੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਬੜੀ ਬੇਰਹਿਮੀ ਨਾਲ ਅਣਪਛਾਤੇ ਵਿਅਕਤੀਆਂ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਦੇ ਸਬੰਧ 'ਚ ਜ਼ਿਲਾ ਪੁਲਸ ਵਲੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਅੱਜ ਸੁਲਝਾਉਂਦੇ ਹੋਏ ਮ੍ਰਿਤਕ ਵਿਅਕਤੀ ਦੇ ਸਾਲੇ ਨੂੰ ਕਾਬੂ ਕੀਤਾ ਹੈ ਜਦਕਿ ਇਸ ਦਾ ਇਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ।

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਪੀ. (ਆਈ) ਹਰਜੀਤ ਸਿੰਘ ਨੇ ਦੱਸਿਆ ਕਿ 24 ਮਈ ਦੀ ਰਾਤ ਨੂੰ ਪਿੰਡ ਢੋਟੀਆਂ ਦੇ ਨਿਵਾਸੀ ਦਲਬੀਰ ਸਿੰਘ ਪੁੱਤਰ ਬਚਿੰਤ ਸਿੰਘ (55), ਉਸਦੀ ਪਤਨੀ ਲਖਬੀਰ ਕੌਰ (50), ਪੁੱਤਰੀ ਮਨਜਿੰਦਰ ਕੌਰ ਪਿੰਕੀ (16) ਅਤੇ ਛੋਟੀ ਬੇਟੀ ਜਸ਼ਨਪ੍ਰੀਤ ਕੌਰ (8) ਨਾਲ ਆਪਣੇ ਘਰ ਦੇ ਵਿਹੜੇ 'ਚ ਸੁੱਤੇ ਪਏ ਸਨ ਜਦੋਂ ਹੀ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਅੰਦਰ ਦੇਰ ਰਾਤ ਦਾਖਲ ਹੋ ਕੇ ਦਲਬੀਰ ਸਿੰਘ, ਉਸਦੀ ਪਤਨੀ ਅਤੇ ਵੱਡੀ ਬੇਟੀ ਦੇ ਸਿਰ 'ਚ ਦਾਤਰ ਨਾਲ ਵਾਰ ਕਰਦੇ ਹੋਏ ਇਨ੍ਹਾਂ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਦਕਿ ਦੂਸਰੇ ਕਮਰੇ 'ਚ ਸੁੱਤੀ ਛੋਟੀ ਬੇਟੀ ਜਸ਼ਨਪ੍ਰੀਤ ਕੌਰ ਬਚ ਗਈ ਸੀ।

ਐੱਸ.ਪੀ. (ਆਈ) ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਲਬੀਰ ਸਿੰਘ ਦੇ ਸਾਲੇ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਬਲੀ ਸਿੰਘ ਵਾਸੀ ਪਿੰਡ ਤੁੜ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਕਿ ਉਸ ਨੇ ਆਪਣੇ ਜੀਜੇ, ਭੈਣ ਅਤੇ ਭਾਣਜੀ ਨੂੰ ਮੌਤ ਦੇ ਘਾਟ ਗੁੱਸੇ 'ਚ ਆ ਕੇ ਉਤਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਸਮੇਤ ਉਹ 4 ਭਰਾ ਅਤੇ ਮ੍ਰਿਤਕ ਲਖਬੀਰ ਕੌਰ ਅਤੇ ਜਸਬੀਰ ਕੌਰ 2 ਭੈਣਾਂ ਦੀ ਕੁੱਲ 10 ਕਿੱਲੇ ਜ਼ਮੀਨ ਸੀ, ਜਿਸ 'ਚੋਂ ਬਾਕੀ ਸਾਰਿਆਂ ਨੇ ਆਪਣੀ ਜ਼ਮੀਨ ਵੇਚ ਦਿੱਤੀ ਸੀ ਜਦਕਿ ਜਸਬੀਰ ਕੌਰ ਨੇ ਆਪਣੇ ਹਿੱਸੇ ਦੀ ਜ਼ਮੀਨ ਵੀ ਲਖਬੀਰ ਕੌਰ ਨੂੰ ਵੇਚ ਦਿੱਤੀ ਸੀ। ਅਦਾਲਤ 'ਚ ਚੱਲ ਰਹੇ ਕੇਸ ਤੋਂ ਬਾਅਦ ਲਖਬੀਰ ਕੌਰ ਨੇ ਗੁਰਭੇਜ ਸਿੰਘ ਦੇ ਕਬਜ਼ੇ 'ਚ ਪਈ ਜ਼ਮੀਨ ਨੂੰ ਛੁਡਵਾਉਣ ਲਈ ਕਾਰਵਾਈ ਸ਼ੁਰੂ ਕਰਨੀ ਸੀ। ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਲਖਬੀਰ ਕੌਰ ਕੋਲੋਂ ਸਿਰਫ 2 ਕਨਾਲ ਜ਼ਮੀਨ ਘਰ ਬਣਾਉਣ ਲਈ ਮੰਗੀ ਸੀ ਜੋ ਉਹ ਦੇਣ ਤੋਂ ਇਨਕਾਰ ਕਰਦੀ ਆ ਰਹੀ ਸੀ, ਜਿਸ ਕਾਰਨ ਉਸ ਨੇ ਆਪਣੇ ਇਕ ਸਾਥੀ ਬੂਟਾ ਸਿੰਘ ਨਾਲ ਮਿਲਕੇ ਤਿੰਨਾਂ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ। ਇਸ ਮੌਕੇ ਡੀ.ਐੱਸ.ਪੀ. (ਡੀ) ਹਰਦੀਪ ਸਿੰਘ, ਡੀ.ਐੱਸ.ਪੀ. ਪੱਟੀ ਆਜ਼ਾਦ ਦਵਿੰਦਰ ਸਿੰਘ, ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ, ਸੀ.ਆਈ.ਏ. ਸਟਾਫ ਦੇ ਮੁਖੀ ਇੰਸਪੈਕਟਰ ਰਛਪਾਲ ਸਿੰਘ ਤੋਂ ਇਲਾਵਾ ਚੌਕੀ ਨੌਸ਼ਹਿਰਾ ਪੰਨੂਆਂ ਦੇ ਮੁਖੀ ਏ.ਐੱਸ.ਆਈ. ਹਰਪਾਲ ਸਿੰਘ ਵੀ ਹਾਜ਼ਰ ਸਨ।


Baljeet Kaur

Content Editor

Related News