ਜਬਰ-ਜ਼ਨਾਹ ਅਤੇ ਹੱਤਿਆ ਦੇ ਦੋਸ਼ ’ਚ ਤਾਂਤਰਿਕ ਨੂੰ ਉਮਰ ਕੈਦ ਅਤੇ ਜੁਰਮਾਨਾ

Sunday, Mar 30, 2025 - 03:00 AM (IST)

ਜਬਰ-ਜ਼ਨਾਹ ਅਤੇ ਹੱਤਿਆ ਦੇ ਦੋਸ਼ ’ਚ ਤਾਂਤਰਿਕ ਨੂੰ ਉਮਰ ਕੈਦ ਅਤੇ ਜੁਰਮਾਨਾ

ਲੁਧਿਆਣਾ (ਮਹਿਰਾ) - ਇਕ 22 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਹਤਿਆਰੇ ਦੁਗਰੀ ਨਿਵਾਸੀ ਸੰਬੋਧ ਦਾਸ ਨੂੰ ਐਡੀਸ਼ਨਲ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ 87 ਹਜ਼ਾਰ ਰੁਪਏ ਜੁਰਮਾਨਾ ਦੇਣ ਦਾ ਵੀ ਹੁਕਮ ਦਿੱਤਾ ਹੈ। ਵਕੀਲ ਮੁਤਾਬਕ ਮਾਮਲਾ ਮ੍ਰਿਤਕ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ 28 ਫਰਵਰੀ 2021 ਨੂੰ ਪੁਲਸ ਥਾਣਾ ਡਵੀਜ਼ਨ ਨੰਬਰ 5 ’ਚ ਦਰਜ ਕੀਤਾ ਗਿਆ ਸੀ।

ਕੋਚਰ ਮਾਰਕੀਟ ਨਿਵਾਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ 26 ਫਰਵਰੀ 2021 ਨੂੰ ਉਸ ਦੀ ਧੀ ਫਿਰੋਜ਼ ਗਾਂਧੀ ਮਾਰਕੀਟ ’ਚ ਇੰਟਰਵਿਊ ਦੇਣ ਲਈ ਗਈ ਅਤੇ ਉਹ ਉੱਥੋਂ ਵਾਪਸ ਨਹੀਂ ਆਈ। ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਨੂੰ ਆਪਣੀ ਧੀ ਦੇ ਬਾਰੇ ਪਤਾ ਨਹੀਂ ਚਲਿਆ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਅਗਲੇ ਦਿਨ ਉਸ ਦੇ ਘਰ ਉਕਤ ਮੁਲਜ਼ਮ ਆਇਆ ਅਤੇ ਉਸ ਨੇ ਕਿਹਾ ਕਿ ਉਹ ਆਪਣੀ ਧੀ ਦੇ ਬਾਰੇ ਪੁਲਸ ਨੂੰ ਕੁਝ ਨਾ ਦੱਸੇ, ਜਿੱਥੇ ਉਸ ਦੀ ਧੀ ਨੇ ਪੁੱਜਣਾ ਸੀ, ਉੱਥੇ ਪਹੁੰਚ ਗਈ ਹੈ। ਮੁਲਜ਼ਮ ਦੀ ਇਸ ਹਰਕਤ ਤੋਂ ਬਾਅਦ ਸ਼ੱਕ ਪੈਣ ’ਤੇ ਸ਼ਿਕਾਇਤਕਰਤਾ ਨੇ ਮੁਲਜ਼ਮ ਬਾਰੇ ਪੁਲਸ ਨੂੰ ਦੱਸਿਆ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਤਾਂਤਰਿਕ ਦੇ ਤੌਰ ’ਤੇ ਕੰਮ ਕਰਦਾ ਹੈ। ਸ਼ਿਕਾਇਤਕਰਤਾ ਦੀ ਧੀ ਉਸ ਕੋਲ ਨੌਕਰੀ ਨਾ ਮਿਲਣ ਕਾਰਨ ਆਪਣੇ ਬਾਰੇ ’ਚ ਜਾਣਨ ਲਈ ਆਈ ਹੋਈ ਸੀ। ਉਸ ਨੂੰ ਇਕੱਲੀ ਵੇਖ ਕੇ ਮੁਲਜ਼ਮ ਦੀ ਨੀਅਤ ਵਿਗੜ ਗਈ ਅਤੇ ਉਸ ਨੇ ਪੀੜਤਾ ਨਾਲ ਜਬਰ-ਜ਼ਨਾਹ ਕਰ ਦਿੱਤਾ।

ਬਾਅਦ ’ਚ ਉਸ ਨੇ ਪੀੜਤਾ ਨੂੰ ਬਹੁਤ ਡਰਾਇਆ-ਧਮਕਾਇਆ ਪਰ ਉਸ ਦੇ ਇਹ ਕਹਿਣ ’ਤੇ ਕਿ ਇਸ ਘਟਨਾ ਸਬੰਧ ’ਚ ਉਹ ਆਪਣੇ ਪਰਿਵਾਰ ਅਤੇ ਪੁਲਸ ਨੂੰ ਵੀ ਦੱਸੇਗੀ, ਉਹ ਡਰ ਗਿਆ ਅਤੇ ਉਸ ਨੇ ਉਸ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਲਾਸ਼ ਨੂੰ ਉਸ ਨੇ ਇਕ ਖੇਤ ’ਚ ਸੁੱਟ ਦਿੱਤਾ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਲਾਸ਼ ਬਰਾਮਦ ਕਰ ਲਈ।


author

Inder Prajapati

Content Editor

Related News