ਇੰਗਲੈਂਡ ਦੇ MP ਤਨਮਨਜੀਤ ਢੇਸੀ ਦੇ ਦਾਦਾ ਦੇ ਅੰਤਿਮ ਸੰਸਕਾਰ ਮੌਕੇ ਪੁੱਜੀਆਂ ਇਹ ਸ਼ਖਸੀਅਤਾਂ

01/12/2020 5:52:32 PM

ਜਲੰਧਰ/ਸਲੋਹ (ਮਹੇਸ਼)— ਇੰਗਲੈਂਡ ਦੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਐੱਮ. ਪੀ. ਅਤੇ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਦੇ ਨਿੱਜੀ ਸਕੱਤਰ ਤਨਮਨਜੀਤ ਸਿੰਘ ਢੇਸੀ ਦੇ ਸਤਿਕਾਰਯੋਗ ਦਾਦਾ ਸ. ਸਰਵਣ ਸਿੰਘ ਢੇਸੀ ਦੇਰ ਰਾਤ ਕਰੀਬ 1.30 ਵਜੇ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ ਸਨ। ਅਮਰੀਕ ਸਿੰਘ ਢੇਸੀ, ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦੇ ਸਤਿਕਾਰਯੋਗ ਪਿਤਾ ਸਵ. ਸਰਵਣ ਸਿੰਘ ਢੇਸੀ 95 ਸਾਲ ਦੀ ਉਮਰ ਵਿਚ ਵੀ ਪੂਰੀ ਤਰ੍ਹਾਂ ਫਿੱਟ ਸਨ ਅਤੇ ਕਿਸੇ ਦੀ ਵੀ ਪ੍ਰਵਾਹ ਨਹੀਂ ਮੰਨਦੇ ਸਨ। ਪਿੰਡ ਰਾਏਪੁਰ ਪ੍ਰੋਹਲਾ ਹਲਕਾ ਜਲੰਧਰ ਛਾਉਣੀ ਵਿਖੇ ਦੁਪਹਿਰ 2 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਇਲਾਕੇ ਭਰ ਤੋਂ ਬਹੁਤ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ, ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਭਗਵਾਨ ਸਿੰਘ ਜੌਹਲ, ਬਲਜੀਤ ਸਿੰਘ ਨੀਲਾਮਹਿਲ, ਜਰਨੈਲ ਸਿੰਘ ਵਾਹਦ ਤੇ ਰਣਜੀਤ ਸਿੰਘ ਕਾਹਲੋਂ ਆਦਿ ਵੱਲੋਂ ਮੁੱਖ ਤੌਰ ‘ਤੇ ਹਾਜ਼ਰੀ ਦਰਜ ਕਰਵਾਈ ਗਈ ਜਦਕਿ ਜਲੰਧਰ ’ਚ ਨਾ ਹੋਣ ਕਰਕੇ ਮੌਕੇ ‘ਤੇ ਨਹੀਂ ਪਹੁੰਚ ਸਕੇ ਸੀਨੀਅਰ ਕਾਂਗਰਸ ਨੇਤਾ ਹਲਕਾ ਜਲੰਧਰ ਕੈਂਟ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਵੀ ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਉਨ੍ਹਾਂ ਨੇ ਸਵ. ਸਰਵਣ ਸਿੰਘ ਢੇਸੀ ਨਾਲ ਬਿਤਾਏ ਹੋਏ ਪਲਾਂ ਨੂੰ ਵੀ ਇਸ ਮੌਕੇ ਯਾਦ ਕੀਤਾ। ਤਿੰਨੇ ਸਪੁੱਤਰਾਂ ਅਮਰੀਕ ਸਿੰਘ ਢੇਸੀ, ਜਸਪਾਲ ਸਿੰਘ ਢੇਸੀ ਅਤੇ ਪਰਮਜੀਤ ਸਿੰਘ ਰਾਏਪੁਰ ਵਲੋਂ ਆਪਣੇ ਸਵ. ਪਿਤਾ ਦੀ ਅੰਤਿਮ ਦੇਹ ਨੂੰ ਅਗਨੀ ਭੇਟ ਕੀਤੀ ਗਈ। ਸਰਵਣ ਸਿੰਘ ਕੁਲਾਰ, ਪਰਮਿਦਰ ਕੌਰ ਪੰਨੂੰ, ਸਪਰਾ ਕੌਂਸਲਰ, ਸੁਰਿੰਦਰ ਸਿੰਘ ਵਾਲੀਆ, ਪਿਮਜ਼ ਹਸਪਤਾਲ ਦੇ ਸੀ. ਓ. ਅਤੇ ਸਮੂਹ ਸਟਾਫ ਤੋਂ ਇਲਾਵਾ ਰਾਏਪੁਰ ਅਤੇ ਹੋਰ ਅਨੇਕਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਵੀ ਅੰਤਿਮ ਸੰਸਕਾਰ ’ਚ ਸ਼ਾਮਲ ਹੋ ਕੇ ਸਵ. ਸਰਵਣ ਸਿੰਘ ਢੇਸੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 19 ਜਨਵਰੀ ਨੂੰ ਪਿੰਡ ਰਾਏਪੁਰ ਪ੍ਰੋਹਲਾ ਵਿਖੇ ਹੀ ਹੋਵੇਗੀ।


shivani attri

Content Editor

Related News