ਕਰਜ਼ਾ ਲਾਉਣ ਲਈ ਕਿਡਨੀ ਵੇਚਣ ਲਈ ਮਜ਼ਬੂਰ ਔਰਤ, ਸਰਕਾਰ ਤੋਂ ਮੰਗੀ ਇਜਾਜ਼ਤ (ਵੀਡੀਓ)

Monday, Sep 09, 2019 - 10:35 AM (IST)

ਤਲਵੰਡੀ ਸਾਬੋ (ਮਨੀਸ਼) : ਸਬ-ਡਵੀਜ਼ਨ ਮੌੜ ਮੰਡੀ ਦੀ ਰਹਿਣ ਵਾਲੀ ਮੂਰਤੀ ਕੌਰ ਆਪਣੀ ਕਿਡਨੀ ਵੇਚਣ ਲਈ ਮਜ਼ਬੂਰ ਹੈ। ਦਰਅਸਲ ਉਸ ਦਾ ਪਤੀ ਨਾਇਬ ਸਿੰਘ ਕੈਂਸਰ ਨਾਲ ਪੀੜਤ ਸੀ ਅਤੇ ਇਲਾਜ ਮਹਿੰਗਾ ਹੋਣ ਕਾਰਨ ਉਨ੍ਹਾਂ ਨੇ ਬੈਂਕ ਤੋਂ ਢਾਈ ਲੱਖ ਦਾ ਕਰਜ਼ਾ ਚੁੱਕ ਲਿਆ ਪਰ ਇਹ ਸਭ ਕੰਮ ਨਾ ਆਇਆ, ਕਿਉਂਕਿ ਇਲਾਜ ਦੌਰਾਨ ਨਾਇਬ ਸਿੰਘ ਦੀ ਮੌਤ ਹੋ ਗਈ। ਕਰਜ਼ਾ ਨਾ ਮੌੜ ਸਕਣ ਕਾਰਨ ਬੈਂਕ ਨੇ ਨੋਟਿਸ ਭੇਜਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿਚ ਅਦਾਲਤ ਵਿਚ ਕੇਸ ਲੱਗ ਗਿਆ। ਢਾਈ ਲੱਖ ਦਾ ਲਿਆ ਕਰਜ਼ਾ ਵੱਧ ਕੇ ਹੁਣ 6 ਲੱਖ ਹੋ ਗਿਆ ਹੈ। ਚੈੱਕ ਬਾਉਂਸ ਹੋਣ 'ਤੇ ਮੂਰਤੀ ਕੌਰ ਨੂੰ 2 ਦਿਨ ਜੇਲ ਵਿਚ ਵੀ ਕੱਢਣੇ ਪਏ, ਜੋ ਅੱਜ-ਕਲ ਜ਼ਮਾਨਤ 'ਤੇ ਬਾਹਰ ਹੈ। ਕਰਜ਼ਾ ਉਤਾਰਨ ਲਈ ਹੁਣ ਮੂਰਤੀ ਕੌਰ ਬਹੁਤ ਕੁੱਝ ਸੋਚ ਰਹੀ ਹੈ।

ਮੂਰਤੀ ਦਾ ਕਹਿਣਾ ਹੈ ਕਿ ਉਸ ਨੇ ਕਈ ਲੀਡਰਾਂ ਨੂੰ ਮਿੰਨਤਾਂ ਕੀਤੀਆਂ ਪਰ ਕਿਸੇ ਨੇ ਸਾਰ ਨਹੀਂ ਲਈ। ਮੂਰਤੀ ਨੇ ਹੁਣ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਰਜ਼ਾ ਮੁਆਫ ਨਹੀਂ ਹੋ ਸਕਦਾ ਤਾਂ ਉਸ ਨੂੰ ਕਿਡਨੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਇਸ ਮਹੀਨੇ ਦੇ ਅਖੀਰ ਵਿਚ ਕੋਰਟ ਨੇ ਫੈਸਲਾ ਸੁਣਾਉਣਾ ਹੈ। ਮੂਰਤੀ ਜੇਲ ਨਹੀਂ ਜਾਣਾ ਚਾਹੁੰਦੀ ਕਿਉਂਕਿ ਪਿੱਛੇ ਦੋ ਬੱਚੇ ਵੀ ਹਨ। ਬਾਲੜੀ ਊਮਰ ਦੇ ਬੱਚਿਆਂ ਦੀ ਆਖਿਰ ਕੌਣ ਰਾਖੀ ਕਰੁ।


author

cherry

Content Editor

Related News